ਪੀਐੱਮ ਸ੍ਰੀ ਸਕੂਲ ਬੀਰਮਪੁਰ ਵਿਖੇ ਖੇਡ ਦਿਵਸ ਮਨਾਇਆ ਪੀ.ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੀਰਮਪੁਰ ਵਿਖੇ ਖੇਡ ਦਿਵਸ ਮਨਾਇਆ
Publish Date: Sat, 17 Oct 2026 04:52 PM (IST)
Updated Date: Sat, 17 Oct 2026 04:54 PM (IST)
ਫੂਲਾ ਸਿੰਘ ਬੀਰਮਪੁਰ, ਪੰਜਾਬੀ ਜਾਗਰਣ, ਗੜ੍ਹਸ਼ੰਕਰ : ਪੀਐੱਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੀਰਮਪੁਰ, ਬਲਾਕ ਗੜ੍ਹਸ਼ੰਕਰ-2, ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਸ਼ਨਿੱਚਰਵਾਰ ਨੂੰ ਖੇਡ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਮਾਗਮ ਵਿੱਚ ਸਕੂਲ ਦੇ ਵਿਦਿਆਰਥੀਆਂ ਦੇ ਨਾਲ-ਨਾਲ ਪ੍ਰਾਇਮਰੀ ਸਕੂਲ ਬੀਰਮਪੁਰ ਦੇ ਸਟਾਫ਼ ਅਤੇ ਵਿਦਿਆਰਥੀਆਂ ਨੇ ਵੀ ਭਾਗ ਲਿਆ। ਇਸ ਮੌਕੇ ਸਕੂਲ ਮੁਖੀ ਸੁਖਵਿੰਦਰ ਕੁਮਾਰ ਨੇ ਦੱਸਿਆ ਕਿ ਖੇਡ ਦਿਵਸ ਦੌਰਾਨ ਵਿਦਿਆਰਥੀਆਂ ਨੇ ਦੌੜਾਂ, ਰੱਸਾਕਸ਼ੀ, ਰਿਲੇਅ ਦੌੜ ਅਤੇ ਵੱਖ-ਵੱਖ ਮਨੋਰੰਜਕ ਖੇਡਾਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲਿਆ। ਜੇਤੂ ਵਿਦਿਆਰਥੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਹਰਦੇਵ ਸਿੰਘ ਕਾਹਮਾ ਵਿਸ਼ੇਸ ਤੌਰ ’ਤੇ ਪੁੱਜੇ ਅਤੇ ਸਕੂਲ ਵਲੋ ਓਹਨਾ ਦਾ ਜਨਮਦਿਨ ਮਨਾਇਆ ਗਿਆ। ਹਰਦੇਵ ਸਿੰਘ ਵੱਲੋਂ ਪਿੰਡ ਦੀਆਂ 25 ਲੋੜਵੰਦ ਔਰਤਾਂ ਨੂੰ ਸਰਦੀਆਂ ਦੇ ਸੂਟ ਵੰਡੇ ਗਏ ਅਤੇ ਇੱਕ ਹੋਰ ਲੋੜਵੰਦ ਔਰਤ ਨੂੰ ਸਵੈ-ਰੁਜ਼ਗਾਰ ਲਈ ਸਿਲਾਈ ਮਸ਼ੀਨ ਭੇਟ ਕੀਤੀ ਗਈ। ਇਸ ਮੌਕੇ ਜਸਪਾਲ ਸਿੰਘ ਸ਼ੌਂਕੀ ਨੇ ਆਪਣੇ ਪ੍ਰਭਾਵਸ਼ਾਲੀ ਭਾਸ਼ਣ, ਗਿਆਨ ਭਰਪੂਰ ਵਿਚਾਰਾਂ ਨਾਲ ਪ੍ਰੋਗਰਾਮ ਨੂੰ ਵਿਸ਼ੇਸ਼ ਰੰਗਤ ਬਖ਼ਸ਼ੀ। ਇਸ ਮੌਕੇ ਦੀਦਾਰ ਸਿੰਘ ਸ਼ੇਤਰਾ, ਸੇਵਾਮੁਕਤ ਜ਼ਿਲ੍ਹਾ ਸਿੱਖਿਆ ਅਫ਼ਸਰ ਨਾਜ਼ਰ ਰਾਮ, ਸੇਵਾਮੁਕਤ ਡਿਪਟੀ ਮੈਡੀਕਲ ਕਮਿਸ਼ਨਰ ਡਾ. ਕੁਲਵਰਨ ਸਿੰਘ, ਸੇਵਾਮੁਕਤ ਵਿਗਿਆਨੀ ਡਾ. ਰਣਜੀਤ ਸਿੰਘ ਅਤੇ ਐਸ.ਐਮ.ਸੀ. ਮੈਂਬਰ ਮਨਪ੍ਰੀਤ ਕੌਰ ਨੇ ਵਿਦਿਆਰਥੀਆਂ ਨੂੰ ਸਿੱਖਿਆ, ਖੇਡਾਂ, ਚੰਗੇ ਚਰਿੱਤਰ ਅਤੇ ਸਮਾਜ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਲਈ ਪ੍ਰੇਰਿਤ ਕੀਤਾ। ਸਕੂਲ ਮੁਖੀ ਸੁਖਵਿੰਦਰ ਕੁਮਾਰ ਨੇ ਸਰਪੰਚ ਸੁਰਿੰਦਰ ਕੁਮਾਰ, ਪਿੰਡ ਬੀਰਮਪੁਰ ਦੀ ਸਮੁੱਚੀ ਪੰਚਾਇਤ ਅਤੇ ਸਕੂਲ ਮੈਨੇਜਮੈਂਟ ਕਮੇਟੀ ਦਾ ਵਿਸ਼ੇਸ਼ ਧੰਨਵਾਦ ਕੀਤਾ। ਸਮਾਗਮ ਮੌਕੇ ਇੰਦਰਜੀਤ ਕੌਰ, ਹਰਜੀਤ ਕੌਰ, ਕਾਂਤਾ ਦੇਵੀ, ਸੰਜੀਵ ਕੁਮਾਰ, ਨੇਹਾ ਭੰਵਰਾ, ਰੇਨੂੰ ਬਾਲਾ, ਕੁਮਾਰੀ ਨੀਤੂ ਰਣਦੇਵ, ਨੀਤੂ ਬਾਲਾ, ਪੰਚ ਰਾਜ ਰਾਣੀ ਸਮੇਤ ਹੋਰ ਹਾਜ਼ਰ ਸਨ।