- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੈਂਸਰ ਤੋਂ ਬਚਾਅ ਲਈ ਸਿਹਤਮੰਦ ਜੀਵਨ ਸ਼ੈਲੀ ਜ਼ਰੂਰੀ : ਡਾ. ਮਨਪ੍ਰੀਤ ਕੌਰ

ਗਗਨਪ੍ਰੀਤ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਸਿਵਲ ਸੁਰਜਨ ਹੁਸ਼ਿਆਰਪੁਰ ਡਾ. ਮਨਦੀਪ ਕਮਲ ਅਤੇ ਪੀਐੱਚਸੀ ਚੱਕੋਵਾਲ ਬ੍ਰਾਹਮਣਾਂ ਦੇ ਐੱਸਐੱਮਓ ਡਾ. ਮਨਪ੍ਰੀਤ ਕੌਰ ਦੀ ਅਗਵਾਈ ’ਚ ਬਰੈਸਟ ਕੈਂਸਰ ਜਾਗਰੂਕਤਾ ਮਹੀਨੇ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਤਹਿਤ ਮਿੰਨੀ ਪੀਐੱਚਸੀ ਚੱਕੋਵਾਲ ਵਿਖੇ ਲਿਵਾਸਾ ਹਸਪਤਾਲ ਹੁਸ਼ਿਆਰਪੁਰ ਦੀ ਮਦਦ ਨਾਲ ਕੈਂਸਰ ਜਾਂਚ ਕੈਂਪ ਲਗਾਇਆ ਗਿਆ। ਇਸ ਮੌਕੇ ਐੱਸਐੱਮਓ ਡਾ. ਮਨਪ੍ਰੀਤ ਕੌਰ ਨੇ ਦੱਸਿਆ ਕਿ ਅਕਤੂਬਰ ਮਹੀਨਾ ਬਰੈਸਟ ਕੈਂਸਰ ਜਾਗਰੂਕਤਾ ਮਹੀਨੇ ਵਜੋਂ ਮਨਾਇਆ ਜਾਂਦਾ ਹੈ। ਇਸ ਦੌਰਾਨ ਮ.ਪ.ਹ.ਵ. ਫੀਮੇਲ ਅਤੇ ਸੀਐੱਚਓ ਔਰਤਾਂ ਨੂੰ ਬਰੈਸਟ ਕੈਂਸਰ ਦੇ ਲੱਛਣਾਂ ਬਾਰੇ ਜਾਗਰੂਕ ਕਰਦੇ ਹਨ। ਔਰਤਾਂ ਵਿਚ ਸਭ ਤੋਂ ਜ਼ਿਆਦਾ ਛਾਤੀ, ਬੱਚੇਦਾਨੀ ਦਾ ਕੈਂਸਰ ਤੇ ਮਰਦਾਂ ਵਿਚ ਮੂੰਹ ਦਾ ਕੈਂਸਰ, ਫੇਫੜਿਆਂ ਦਾ ਕੈਂਸਰ ਆਮ ਵੇਖਣ ਨੂੰ ਮਿਲਦਾ ਹੈ। ਇਸ ਲਈ ਸਾਨੂੰ ਇਸ ਤੋਂ ਬਚਾਅ ਸਿਹਤਮੰਦ ਜੀਵਨ ਸ਼ੈਲੀ ਰੱਖਣੀ ਚਾਹੀਦੀ ਹੈ ਤਾਂ ਕਿ ਇਸ ਬਿਮਾਰੀ ਦੇ ਹੋਣ ਦਾ ਖਤਰਾ ਘੱਟ ਜਾਵੇ। ਜੇਕਰ ਕਿਸੇ ਨੂੰ ਮੂੰਹ ਵਿਚ ਛਾਲੇ, ਔਰਤਾਂ ਦੀਆਂ ਛਾਤੀਆਂ ਵਿਚ ਗੱਠਾਂ ਜਾਂ ਆਕਾਰ ਵਿੱਚ ਅਚਾਨਕ ਬਦਲਾਅ, ਪੇਟ ਦੇ ਨਿਚਲੇ ਹਿੱਸੇ ਵਿਚ ਦਰਦ, ਮਾਹਵਾਰੀ ਦੌਰਾਨ ਬਹੁਤ ਜ਼ਿਆਦਾ ਖੂਨ ਵਗਣਾ ਆਦਿ ਲੱਛਣ ਵਿਖਾਈ ਦਿੰਦੇ ਹਨ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ। ਉਹਨਾਂ ਕਿਹਾ ਕਿ ਜੇਕਰ ਸਮੇਂ ਸਿਰ ਕੈਂਸਰ ਦਾ ਪਤਾ ਲੱਗ ਜਾਵੇ ਤਾਂ ਇਸਦਾ ਇਲਾਜ ਪੂਰੀ ਤਰ੍ਹਾਂ ਸੰਭਵ ਹੈ। ਇਸ ਮੌਕੇ ਡਾ. ਪ੍ਰਤਿਭਾ ਮੈਡੀਕਲ ਅਫ਼ਸਰ, ਏ.ਐੱਮ.ਓ. ਡਾ. ਸ਼ੁਭਮ, ਬਲਜੀਤ ਸੈਣੀ, ਜਸਵਿੰਦਰ ਕੌਰ, ਗਗਨਦੀਪ ਸਿੰਘ, ਹਰਪ੍ਰੀਤ ਕੌਰ, ਰੂਬੀ ਹਾਜ਼ਰ ਸਨ।