ਖਾਲਸਾ ਕਾਲਜ ’ਚ ਸਾਈਬਰ ਸੁਰੱਖਿਆ ਬਾਰੇ ਕੀਤਾ ਜਾਗਰੂਕ
ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ
Publish Date: Sat, 17 Oct 2026 03:59 PM (IST)
Updated Date: Sat, 17 Oct 2026 04:00 PM (IST)
ਗੌਰਵ, ਪੰਜਾਬੀ ਜਾਗਰਣ, ਗੜਦੀਵਾਲਾ: ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੀ ਅਗਵਾਈ ਹੇਠ ਵਿਦਿਆਰਥੀਆਂ ਨੂੰ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਨਾਲ ਇੱਕ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਇਸ ਵਿੱਚ ਪ੍ਰਵੀਨ ਕੁਮਾਰ ਸਕਿਉਰਿਟੀਜ਼ ਐਂਡ ਐਕਸਚੇਂਜ ਬੋਰਡ ਆਫ਼ ਇੰਡੀਆ ਨੇ ਵਿਦਿਆਰਥੀਆਂ ਨੂੰ ਪੈਸੇ ਦੀ ਸਹੀ ਵਰਤੋਂ, ਬੱਚਤ ਕਰਨ ਦੀ ਮਹੱਤਤਾ, ਵਿੱਤੀ ਯੋਜਨਾਬੰਦੀ ਅਤੇ ਨਿਵੇਸ਼ ਸਬੰਧੀ ਬੁਨਿਆਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਅੱਜ ਦੇ ਸਮੇਂ ਵਿੱਚ ਹਰ ਵਿਅਕਤੀ ਲਈ ਵਿੱਤੀ ਤੌਰ ਤੇ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ, ਤਾਂ ਜੋ ਉਹ ਆਪਣੇ ਪੈਸੇ ਸਬੰਧੀ ਸਹੀ ਫ਼ੈਸਲੇ ਲੈ ਸਕੇ ਅਤੇ ਵਿੱਤੀ ਧੋਖਾਧੜੀ ਤੋਂ ਬਚ ਸਕੇ। ਉਨ੍ਹਾਂ ਨੇ ਸਾਈਬਰ ਸੁਰੱਖਿਆ ਦੇ ਵੱਖ-ਵੱਖ ਪਹਿਲੂਆਂ ਜਿਵੇਂ ਕਿ ਆਨਲਾਈਨ ਧੋਖਾਧੜੀ, ਫਰਜ਼ੀ ਕਾਲਾਂ, ਸ਼ੱਕੀ ਲਿੰਕਾਂ, ਫਿਸ਼ਿੰਗ ਅਤੇ ਡਿਜੀਟਲ ਭੁਗਤਾਨਾਂ ਦੌਰਾਨ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਵਿਸਥਾਰ ਨਾਲ ਦੱਸਿਆ। ਪ੍ਰਿੰਸੀਪਲ ਨੇ ਕਿਹਾ ਕਿ ਮੌਜੂਦਾ ਡਿਜ਼ੀਟਲ ਯੁੱਗ ਵਿੱਚ ਵਿੱਤੀ ਸਾਖ਼ਰਤਾ ਅਤੇ ਸਾਈਬਰ ਸੁਰੱਖਿਆ ਦੀ ਜਾਣਕਾਰੀ ਹਰ ਵਿਦਿਆਰਥੀ ਲਈ ਬੇਹੱਦ ਜ਼ਰੂਰੀ ਹੈ। ਇਸ ਇਸ ਮੌਕੇ ਕਾਲਜ ਦਾ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।