ਸਿਹਤ ਵਿਭਾਗ ਦੀ ਟੀਮ ਨੇ 74 ਘਰਾਂ ’ਚੋਂ ਲਾਰਵਾ ਕੀਤਾ ਨਸ਼ਟ " ਹਰ ਸ਼ੁਕਰਵਾਰ ਡੇਂਗੂ ਤੇ ਵਾਰ” ਅਧੀਨ ਗਤੀਵਿਧੀਆਂ ਕਰਦਿਆਂ ਟੀਮਾਂ ਵੱਲੋਂ ਲਾਰਵਾ ਕੀਤਾ ਨਸ਼ਟ
Publish Date: Sat, 17 Oct 2026 03:58 PM (IST)
Updated Date: Sat, 17 Oct 2026 04:00 PM (IST)
ਗਗਨਪ੍ਰੀਤ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਸਿਵਲ ਸਰਜਨ ਹੁਸ਼ਿਆਰਪੁਰ ਡਾ. ਮਨਦੀਪ ਕਮਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜਿਲ੍ਹੇ ਦੇ ਵੱਖ ਵੱਖ ਖੇਤਰਾਂ ਵਿੱਚ ਡੇਂਗੂ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਗਈਆਂ। ਇਸ ਮੌਕੇ ਜ਼ਿਲ੍ਹਾ ਐਪੀਡਿਮੀਓਲੋਜਿਸਟ ਡਾ. ਜਗਦੀਪ ਸਿੰਘ ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਟੀਮ ਵੱਲੋਂ ਹੁਸ਼ਿਆਰਪੁਰ ਸ਼ਹਿਰ ਦੇ ਵੱਖ ਵੱਖ ਖੇਤਰਾਂ ਵਿੱਚ ਘਰ ਘਰ ਜਾ ਕੇ “ਹਰ ਸ਼ੁਕਰਵਾਰ ਡੇਂਗੂ ਤੇ ਵਾਰ” ਅਧੀਨ ਗਤੀਵਿਧੀਆਂ ਕੀਤੀਆਂ ਗਈਆਂ। ਇਸ ਮੌਕੇ ਟੀਮਾਂ ਵੱਲੋਂ 1710 ਘਰਾਂ ਦੀ ਜਾਂਚ ਕੀਤੀ ਗਈ ਜਿਨਾਂ ਵਿੱਚੋਂ 74 ਘਰਾਂ ਵਿੱਚ ਮੱਛਰਾਂ ਦਾ ਲਾਰਵਾ ਪਾਇਆ ਗਿਆ। ਜਿਸ ਨੂੰ ਟੀਮਾਂ ਵੱਲੋਂ ਮੋਕੇ ਤੇ ਨਸ਼ਟ ਕੀਤਾ ਗਿਆ। ਜਿੱਥੇ ਲੋੜ ਅਨੁਸਾਰ ਉਚਿਤ ਸੀ, ਉਥੇ ਲਾਰਵੀਸਾਈਡ ਦਾ ਛਿੜਕਾ ਕੀਤਾ ਗਿਆ। ਇਸ ਸਬੰਧੀ ਰਵਿੰਦਰ ਜੱਸਲ ਨੇ ਦੱਸਿਆ ਕਿ ਡੇਂਗੂ ਫੈਲਾਉਣ ਵਾਲਾ ਏਡੀਜ਼ ਮੱਛਰ ਸਾਫ਼ ਅਤੇ ਖੜ੍ਹੇ ਪਾਣੀ ਵਿੱਚ ਪੈਦਾ ਹੁੰਦਾ ਹੈ, ਇਸ ਲਈ ਹਰ ਵਿਅਕਤੀ ਨੂੰ ਆਪਣੇ ਘਰ, ਦਫ਼ਤਰ ਅਤੇ ਆਸ-ਪਾਸ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਇਸ ਮੌਕੇ ਡਾ. ਜਗਦੀਪ ਸਿੰਘ ਜ਼ਿਲ੍ਹਾ ਐਪੀਡੀਮੋਲੋਜਿਸਟ ਨੇ ਦੱਸਿਆ ਕਿ ਜਿਲੇ ਵਿੱਚ ਹੁਣ ਤੱਕ 52 ਕੇਸ ਡੇਂਗੂ ਤੇ 4 ਕੇਸ ਚਿਕਨਗੁਨੀਆਂ ਦੇ ਰਿਪੋਰਟ ਹੋਏ ਹਨ। ਜੇਕਰ ਕਿਸੇ ਵਿਅਕਤੀ ਨੂੰ ਤੇਜ਼ ਬੁਖ਼ਾਰ, ਸਿਰ ਦਰਦ, ਅੱਖਾਂ ਦੇ ਪਿੱਛੇ ਦਰਦ, ਸਰੀਰ ਜਾਂ ਜੋੜਾਂ ਵਿੱਚ ਦਰਦ, ਉਲਟੀਆਂ ਜਾਂ ਚਮੜੀ ’ਤੇ ਲਾਲ ਧੱਬੇ ਵਰਗੇ ਲੱਛਣ ਦਿਖਾਈ ਦੇਣ ਤਾਂ ਉਹ ਨਜ਼ਦੀਕੀ ਸਰਕਾਰੀ ਸਿਹਤ ਸੰਸਥਾ ਨਾਲ ਸੰਪਰਕ ਕਰਕੇ ਜਾਂਚ ਅਤੇ ਇਲਾਜ ਮੁਫ਼ਤ ਕਰਵਾਏ।