ਬਲਾਕ ਪੱਧਰੀ ਸਾਇੰਸ ਡਰਾਮਾ ਮੁਕਾਬਲੇ ’ਚ ਸਕੂਲ ਪੱਦੀ ਸੂਰਾ ਸਿੰਘ ਅੱਵਲ ਬਲਾਕ ਪੱਧਰੀ ਸਾਇੰਸ ਡਰਾਮਾ ਮੁਕਾਬਲੇ ’ਚ ਸ.ਸ.ਸ. ਸਕੂਲ ਪੱਦੀ ਸੂਰਾ ਸਿੰਘ ਅੱਵਲ
Publish Date: Sat, 17 Oct 2026 03:42 PM (IST)
Updated Date: Sat, 17 Oct 2026 03:45 PM (IST)
ਨਿਰਮਲ ਮੁੱਗੋਵਾਲ, ਪੰਜਾਬੀ ਜਾਗਰਣ, ਸੈਲਾ ਖੁਰਦ : ਸਕੂਲ ਆਫ ਐਮੀਨੈਂਸ ਗੜ੍ਹਸ਼ੰਕਰ ਵਿਖੇ ਹੋਏ ਗੜ੍ਹਸ਼ੰਕਰ 1 ਦੇ ਬਲਾਕ ਪੱਧਰੀ ਸਾਇੰਸ ਡਰਾਮਾ ਮੁਕਾਬਲਿਆਂ ਵਿੱਚ ਇੱਕ ਵਾਰ ਫਿਰ ਤੋਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪੱਦੀ ਸੂਰਾ ਸਿੰਘ ਨੇ ਸਫਲਤਾ ਦਾ ਝੰਡਾ ਗੱਡਿਆ। ਸਕੂਲ ਦੇ ਵਿਦਿਆਰਥੀਆਂ ਨੇ ਇਹਨਾਂ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਹਾਸਿਲ ਕਰਕੇ ਜ਼ਿਲ੍ਹਾ ਪੱਧਰੀ ਮੁਕਾਬਲੇ ਵਿੱਚ ਆਪਣੀ ਥਾਂ ਪੱਕੀ ਕਰ ਲਈ ਹੈ। ਇਹਨਾਂ ਮੁਕਾਬਲਿਆਂ ਦਾ ਮੁੱਖ ਵਿਸ਼ਾ ਵਿਗਿਆਨ ਅਤੇ ਸਮਾਜ ਸੀ। ਜਿਸ ਵਿੱਚ ਅੱਗੋਂ ਵੱਖ-ਵੱਖ ਉੱਪ ਵਿਸ਼ੇ ਸਨ ਜਿਵੇਂ ਕਿ ਬਣਾਉਟੀ ਗਿਆਨ , ਬਿਜਲਈ ਵਾਹਨ , ਤਾਰਾ ਮੰਡਲੀ ਨਿਵਾਸ ਅਤੇ ਸਮੁੰਦਰਾਂ ਦਾ ਸੁਰੱਖਿਅਣ । ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਦੀ ਸੂਰਾ ਸਿੰਘ ਦੇ ਵਿਦਿਆਰਥੀਆਂ ਵੱਲੋਂ ਬਿਜਲਈ ਵਾਹਨ : ਭਵਿੱਖ ਦਾ ਰਾਹ ਵਿਸ਼ੇ ਉੱਪਰ ਇੱਕ ਸ਼ਾਨਦਾਰ ਡਰਾਮਾ ਪੇਸ਼ ਕੀਤਾ ਗਿਆ। ਸਮੂਹ ਜੱਜ ਸਾਹਿਬਾਨ, ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਡਰਾਮੇ ਦੀ ਖੂਬ ਪ੍ਰਸ਼ੰਸਾ ਕੀਤੀ। ਡਾਇਰੈਕਟਰ ਦੇ ਤੌਰ ਤੇ ਆਇਸ਼ਾ ਜਮਾਤ ਬਾਰਵੀਂ ਨੇ ਬਹੁਤ ਮਿਹਨਤ ਕੀਤੀ ਅਤੇ ਉਸਦਾ ਫਲ ਸਕੂਲ ਨੂੰ ਬਾਖੂਬੀ ਮਿਲਿਆ। ਡਰਾਮੇ ਵਿੱਚ ਭਾਗ ਲੈਣ ਵਾਲੇ ਵਿਦਿਆਰਥੀ ਰੀਤੀਕਾ, ਤਰਨਪ੍ਰੀਤ, ਨਵਨੀਤ, ਵੰਸ਼, ਸੌਰਵ, ਆਲੀਅਨ, ਤਰੁਣ ਅਤੇ ਰੋਹਿਤ ਬੰਗਾ ਸਨ । ਇਸ ਮੌਕੇ ਸਕੂਲ ਪ੍ਰਿੰਸੀਪਲ ਹਰਬਲਾਸ ਬੰਗਾ ਨੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਸਕੂਲ ਦਾ ਨਾਮ ਰੌਸ਼ਨ ਕਰਨ ਹਿੱਤ ਸ਼ਲਾਘਾ ਕੀਤੀ। ਸਾਇੰਸ ਅਧਿਆਪਕ ਰਾਜਦੀਪ ਕੌਰ, ਸੁਨੀਤਾ ਦੇਵੀ ਅਤੇ ਗੁਰਿੰਦਰ ਸਿੰਘ ਨੂੰ ਪ੍ਰਿੰਸੀਪਲ ਸਾਹਿਬ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਦਾ ਸਮੂਹ ਸਟਾਫ ਹਾਜ਼ਰ ਸੀ।