- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਜੂਰੀ ਰਾਗੀ ਭਾਈ ਰਵਿੰਦਰ ਸਿੰਘ ਤੇ ਹੋਰ ਮਹਾਂਪੁਰਸ਼ਾ ਸੰਗਤਾਂ ਨੂੰ ਗੁਰਸ਼ਬਦ ਨਾਲ ਜੋੜਿਆ

ਸੁਰਿੰਦਰ ਢਿੱਲੋਂ, ਪੰਜਾਬੀ ਜਾਗਰਣ
ਟਾਂਡਾ ਉੜਮੁੜ : ਵਿਸ਼ਵ ਪ੍ਰਸਿੱਧ ਮਹਾਨ ਸਾਲਾਨਾ ਇਕੋਤਰੀ ਸਮਾਗਮ ਦੌਰਾਨ ਸਜਾਏ ਗਏ ਰਾਤਰੀ ਸਮਾਗਮ ਦੌਰਾਨ ਭਾਈ ਰਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਨੇ ਆਪਣੇ ਕੀਰਤਨ ਦੁਆਰਾ ਸੰਗਤਾਂ ਨੂੰ ਜਿੱਥੇ ਗੁਰਬਾਣੀ ਤੇ ਗੁਰੂ ਸ਼ਬਦ ਨਾਲ ਜੋੜਿਆ ਉੱਥੇ ਇਸ ਇਕੋਤਰੀ ਨੂੰ ਮਾਨ ਸਰੋਵਰ ਦਾ ਮੋਤੀ ਕਰਾਰ ਦਿੱਤਾ। ਸਮਾਗਮ ਦੌਰਾਨ ਸੰਤ ਬਾਬਾ ਗੁਰਦਿਆਲ ਸਿੰਘ ਤੋਂ ਇਲਾਵਾ ਹੋਰ ਬਹੁਤ ਸਾਰੇ ਮਹਾਪੁਰਸ਼ਾਂ ਨੇ ਸ਼ਿਰਕਤ ਕਰਦਿਆਂ ਸੰਗਤਾਂ ਨੂੰ ਪੂਰਨ ਰੂਪ ਵਿਚ ਗੁਰਸ਼ਬਦ ਨਾਲ ਜੋੜ ਕੇ ਬਾਣੀ ਦੇ ਨਿਤਨੇਮੀ ਅਤੇ ਬਾਣੇ ਦੇ ਧਾਰਨੀ ਬਣਨ ਲਈ ਪ੍ਰੇਰਿਆ। ਲਗਾਤਾਰ 23 ਦਿਨਾਂ ਤੱਕ ਲਗਾਤਾਰ ਚੱਲਣ ਵਾਲੇ ਇਸ ਅੰਮ੍ਰਿਤਮਈ ਕੁੰਭ ਵਿਚ ਡੁਬਕੀ ਲਗਾਉਣ ਲਈ ਜਿੱਥੇ ਦੇਸ਼ਾ-ਵਿਦੇਸ਼ਾਂ ਤੋਂ ਸੰਗਤਾਂ ਭਾਰੀ ਗਿਣਤੀ ਵਿਚ ਟਾਂਡਾ ਪੁੱਜੀਆਂ ਹਨ, ਉੱਥੇ ਇਸ ਸਮਾਗਮ ਨੂੰ ਲੈ ਕੇ ਸੰਗਤਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।
ਇਸ ਮੌਕੇ ਹਾਜ਼ਰ ਵੱਖ-ਵੱਖ ਸੰਤਾਂ-ਮਹਾਪੁਰਸ਼ਾਂ ਨੇ ਪਿਛਲੇ ਕਈ ਦਹਾਕਿਆਂ ਤੋਂ ਟਾਂਡਾ ਵਿਚ ਕਰਵਾਏ ਜਾਂਦੇ ਇਸ ਵਿਸ਼ਾਲ ਗੁਰਮਤਿ ਸਮਾਗਮ ਨੂੰ ਪੰਜਾਬ ਦੀ ਧਰਤੀ ਤੇ ਸਭ ਤੋਂ ਲੰਬਾ ਸਮਾਂ ਚੱਲਣ ਵਾਲਾ ਗੁਰਮਤਿ ਸਮਾਗਮ ਦੱਸਿਆ ਅਤੇ ਸਮਾਗਮ ਦੀ ਆਰੰਭਤਾ ਤੋਂ ਲੈ ਕੇ ਸੰਪੂਰਨਤਾ ਤੱਕ ਸੰਗਤਾਂ ਦੀ ਇਕਾਗਰਤਾ ਨੂੰ ਇਸ ਸਮਾਗਮ ਦੀ ਸਫਲਤਾ ਦੱਸਿਆ। ਸੰਤ ਬਾਬਾ ਗੁਰਦਿਆਲ ਸਿੰਘ ਜੀ ਨੇ ਇਨ੍ਹਾਂ ਸਮਾਗਮਾਂ ਲਈ ਸੰਗਤਾਂ ਨੂੰ ਲਾਹਾ ਖੱਟਣ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫ਼ਲਸਫ਼ੇ ਮੁਤਾਬਿਕ ਆਪੋ-ਆਪਣੇ ਜੀਵਨ ਨੂੰ ਢਾਲਣਾ ਅਤੇ ਸਿੱਖੀ ਸਿਧਾਂਤਾਂ ਦੇ ਧਾਰਨੀ ਬਣ ਕੇ ਉਨ੍ਹਾਂ ਉੱਪਰ ਚੱਲਣਾ ਹੀ ਜ਼ਿੰਦਗੀ ਦਾ ਮੂਲ ਸਿਧਾਂਤ ਹੈ। ਉਨ੍ਹਾਂ ਨੇ ਇਸ ਮੌਕੇ ਪੁੱਜੇ ਸੰਤ ਜਗਦੀਸ਼ ਸਿੰਘ ਪੁਲ ਪੁਖਤਾ, ਸੰਤ ਬਾਬਾ ਸੁਖਰਾਜ ਸਿੰਘ ਪ੍ਰੀਤਮਪੁਰ, ਸੰਤ ਬਾਬਾ ਅਮਰੀਕ ਸਿੰਘ ਪੜੈਣ, ਭਾਈ ਚਰਨਪ੍ਰੀਤ ਸਿੰਘ, ਭਾਈ ਹਰਮੇਲ ਪ੍ਰਕਾਸ਼ ਸਿੰਘ, ਬਾਬਾ ਭਰਪੂਰ ਸਿੰਘ, ਬਾਬਾ ਮਨੀ ਸਿੰਘ, ਸੰਤ ਰਜਨੀਸ਼ ਸਿੰਘ, ਬਾਬਾ ਜੋਗਾ ਸਿੰਘ, ਹਜ਼ੂਰੀ ਰਾਗੀ ਭਾਈ ਰਵਿੰਦਰ ਸਿੰਘ ਤੋਂ ਇਲਾਵਾ ਹੋਰ ਕਈ ਮਹਾਪੁਰਸ਼ਾਂ ਨੂੰ ਇਸ ਇਕੋਤਰੀ ਸਮਾਗਮ ਮੌਕੇ ਉਚੇਚੇ ਰੂਪ ਵਿਚ ਪੁੱਜਣ ਲਈ ਸਿਰੋਪਾਓ ਭੇਟ ਕਰ ਕੇ ਸਨਮਾਨਿਤ ਕੀਤਾ।