ਹਾਈਵੇ ’ਤੇ ਕੈਂਟਰ ਨਾਲ ਟਕਰਾਇਆ ਟਰੱਕ, ਦੋ ਜ਼ਖ਼ਮੀ
ਹਾਈਵੇਅ 'ਤੇ ਕੈਂਟਰ ਨਾਲ ਟਕਰਾਇਆ ਟਰੱਕ , ਦੋ ਜ਼ਖਮੀ
Publish Date: Fri, 16 Oct 2026 04:37 PM (IST)
Updated Date: Fri, 16 Oct 2026 04:39 PM (IST)
ਸੁਰਿੰਦਰ ਢਿੱਲੋਂ, ਪੰਜਾਬੀ ਜਾਗਰਣ ਟਾਂਡਾ ਉੜਮੁੜ : ਬੀਤੀ ਰਾਤ ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ ’ਤੇ ਪੈਂਦੇ ਪਿੰਡ ਖੱਖ ਨੇੜੇ ਇੱਕ ਤੇਜ਼ ਸਪੀਡ ਕੈਂਟਰ ਅੱਗੇ ਜਾ ਰਹੇ ਇੱਕ ਟਰੱਕ ਦੇ ਪਿੱਛੇ ਜਾ ਟਕਰਾਇਆ, ਜਿਸ ਕਾਰਨ ਕੈਂਟਰ ਦਾ ਡਰਾਈਵਰ ਤੇ ਕੰਡਕਟਰ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਮੌਕੇ ’ਤੇ ਸੜਕ ਸੁਰੱਖਿਆ ਫੋਰਸ ਵੱਲੋਂ ਸਰਕਾਰੀ ਹਸਪਤਾਲ ਟਾਂਡਾ ਪਹੁੰਚਾਇਆ ਗਿਆ ਜਿੱਥੇ ਉਹ ਜ਼ੇਰੇ ਇਲਾਜ ਹਨ। ਜ਼ਖ਼ਮੀਆਂ ਦੀ ਪਛਾਣ ਅਜੀਤ ਸਿੰਘ ਪੁੱਤਰ ਅਮਰ ਸਿੰਘ ਅਤੇ ਮੰਗਾ ਪੁੱਤਰ ਸੁਖਵਿੰਦਰ ਸਿੰਘ ਵਾਸੀ ਸੁਨਾਮ ਵਜੋਂ ਹੋਈ ਹੈ। ਇਹ ਹਾਦਸਾ ਬੀਤੀ ਰਾਤ ਕਰੀਬ 10:15 ਵਜੇ ਦੇ ਕਰੀਬ ਵਾਪਰਿਆ ਅਤੇ ਹਾਦਸੇ ਤੋਂ ਬਾਅਦ ਨੈਸ਼ਨਲ ਹਾਈਵੇ ’ਤੇ ਟ੍ਰੈਫਿਕ ਜਾਮ ਹੋ ਗਿਆ। ਇਸ ਹਾਦਸੇ ਵਿੱਚ ਟਰੱਕ ਡਰਾਈਵਰ ਫੌਜੀ ਸਿੰਘ ਪੁੱਤਰ ਜੰਗੀ ਰਾਮ ਵਾਸੀ ਸਰਦੂਲਗੜ੍ਹ ਨੂੰ ਕੋਈ ਸੱਟ ਨਹੀਂ ਲੱਗੀ। ਸੜਕ ਸੁਰੱਖਿਆ ਫੋਰਸ ਟੀਮ ਨੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਉਣ ਤੋਂ ਬਾਅਦ ਹਾਈਡ੍ਰਾ ਮਸ਼ੀਨ ਦੀ ਮਦਦ ਨਾਲ ਹਾਦਸਾਗ੍ਰਸਤ ਕੈਂਟਰ ਤੇ ਟਰੱਕ ਨੂੰ ਸੜਕ ਤੋਂ ਹਟਾ ਕੇ ਨੈਸ਼ਨਲ ਹਾਈਵੇ ’ਤੇ ਆਵਾਜਾਈ ਮੁੜ ਸ਼ੁਰੂ ਕਰਵਾਈ। ਟਾਂਡਾ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਆਪਣੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ।