- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਟਾਂਡਾ ਦਾਣਾ ਮੰਡੀ ਚ ਪ੍ਰਵਾਸੀ ਨੇ ਕੀਤਾ ਪ੍ਰਵਾਸੀ ਲੜਕੇ ਦਾ ਕਤਲ

ਸੁਰਿੰਦਰ ਢਿੱਲੋਂ, ਪੰਜਾਬੀ ਜਾਗਰਣ
ਟਾਂਡਾ ਉੜਮੁੜ : ਟਾਂਡਾ ਸ਼ਹਿਰ ਵਿੱਚ ਪੈਂਦੀ ਥਾਣਾ ਮੰਡੀ ਵਿਖੇ ਇੱਕ ਪ੍ਰਵਾਸੀ ਮਜ਼ਦੂਰ ਵੱਲੋਂ ਦੂਜੇ ਪ੍ਰਵਾਸੀ ਮਜ਼ਦੂਰ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਪ੍ਰਵਾਸੀ ਦੀ ਪਛਾਣ ਅਨਿਲ ਮਹਿਤੋ ਉਮਰ ਕਰੀਬ 19 ਸਾਲ ਪੁੱਤਰ ਰਜਿੰਦਰ ਮਹਿਤੋ ਵਾਸੀ ਪੂਰਨੀਆਂ ਬਿਹਾਰ ਹਾਲ ਵਾਸੀ ਟਾਂਡਾ ਵਜੋਂ ਹੋਈ ਹੈ। ਦਾਣਾ ਮੰਡੀ ਵਿੱਚ ਕਤਲ ਦੀ ਇਹ ਵਾਰਦਾਤ ਉਸ ਵੇਲੇ ਵਾਪਰੀ ਜਦੋਂ ਮੰਡੀ ਵਿੱਚ ਦੋ ਪ੍ਰਵਾਸੀ ਲੜਕੇ ਆਪਸ ਵਿੱਚ ਕਿਸੇ ਗੱਲ ਨੂੰ ਲੈ ਕੇ ਝਗੜ ਪਏ ਤੇ ਇੱਕ ਨੇ ਦੂਜੇ ਦਾ ਬੋਤਲ ਗਲੇ ਵਿੱਚ ਮਾਰ ਕੇ ਕਤਲ ਕਰ ਦਿੱਤਾ। ਇਸ ਸਬੰਧੀ ਮੌਕੇ ’ਤੇ ਮ੍ਰਿਤਕ ਦੇ ਮਾਮਾ ਨੇ ਦੱਸਿਆ ਕਿ ਬੀਤੀ ਰਾਤ ਵਕਤ ਕਰੀਬ 11 ਵਜੇ ਉਸਦਾ ਭਾਣਜਾ ਅਨਿਲ ਮਹਿਤੋ ਆਪਣੇ ਸਾਥੀ ਦੋਸਤਾਂ ਨਾਲ ਉਸ ਕੋਲ ਆਇਆ ਤੇ ਗੱਲਬਾਤ ਕਰਨ ਲੱਗਿਆ। ਥੋੜ੍ਹੀ ਦੂਰ ਖੜ੍ਹੇ ਨਵੀਨ ਮਹਿਤੋ ਨੂੰ ਲੱਗਿਆ ਕਿ ਅਨਿਲ ਮਹਿਤੋ ਵਗੈਰਾ ਉਸ ਨੂੰ ਗਾਲੀਆਂ ਦੇ ਰਹੇ ਹਨ ਤੇ ਉਹ ਉਨ੍ਹਾਂ ਕੋਲ ਆ ਕੇ ਝਗੜਾ ਕਰਨ ਲੱਗ ਪਿਆ। ਮ੍ਰਿਤਕ ਦੇ ਮਾਮਾ ਨੇ ਦੱਸਿਆ ਕਿ ਉਹ ਨਵੀਨ ਮਹਿਤੋ ਦੇ ਪਿਤਾ ਨੂੰ ਬੁਲਾਉਣ ਲਈ ਚਲਾ ਗਿਆ ਕਿ ਇਸ ਦੌਰਾਨ ਨਵੀਨ ਮਹਿਤੋ ਨੇ ਬੀਅਰ ਦੀ ਬੋਤਲ ਤੋੜ ਕੇ ਬੋਤਲ ਨਾਲ ਅਨਿਲ ਮਹਿਤੋ ਦਾ ਗਲਾ ਵੱਢ ਦਿੱਤਾ, ਜਿਸ ਕਾਰਨ ਅਨਿਲ ਮਹਿਤੋ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ, ਜਿਸ ਨੂੰ ਮੌਕੇ ’ਤੇ ਸਰਕਾਰੀ ਹਸਪਤਾਲ ਟਾਂਡਾ ਪਹੁੰਚਾਇਆ ਗਿਆ ਪਰ ਉਸ ਦੀ ਹਾਲਤ ਵਿਗੜਦੀ ਦੇਖ ਡਾਕਟਰਾਂ ਨੇ ਉਸ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਅੱਗੇ ਰੈਫਰ ਕਰ ਦਿੱਤਾ।
ਅਨਿਲ ਮਹਿਤੋ ਨੂੰ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਦੌਰਾਨ ਇਲਾਜ ਮੌਤ ਹੋ ਗਈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਮ੍ਰਿਤਕ ਅਨਿਲ ਮਹਿਤੋ ਅਤੇ ਮੁਲਜ਼ਮ ਨਵੀਨ ਮਹਿਤੋ ਬਿਹਾਰ ਵਿਚ ਇੱਕੋ ਪਿੰਡ ਦੇ ਰਹਿਣ ਵਾਲੇ ਹਨ । ਇਸ ਸਬੰਧੀ ਟਾਂਡਾ ਪੁਲਿਸ ਨੂੰ ਸੂਚਨਾ ਮਿਲਣ ’ਤੇ ਐੱਸਐੱਚਓ ਟਾਂਡਾ ਅਮਰਜੀਤ ਕੌਰ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੀ ਤੇ ਮੁਲਜ਼ਮ ਨਵੀਨ ਮਹਿਤੋ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਮ੍ਰਿਤਕ ਦੀ ਲਾਸ਼ ਆਪਣੇ ਕਬਜ਼ੇ ਵਿੱਚ ਲੈ ਕੇ ਆਪਣੀ ਅਗਲੇਰੀ ਕਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ। ਐੱਸਐੱਚਓ ਅਮਰਜੀਤ ਕੌਰ ਨੇ ਦੱਸਿਆ ਕਿ ਮਰਨ ਵਾਲੇ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।