ਸੀਤਾ ਸਵੰਬਰ ਦੌਰਾਨ ਧਨੁਸ਼ ਟੁੱਟਣ ਨਾਲ ਰਾਮ ਲੀਲਾ ਮੈਦਾਨ ‘ਜੈ ਸ੍ਰੀ ਰਾਮ’ ਦੇ ਜੈਕਾਰਿਆਂ ਨਾਲ ਗੂੰਜਿਆ ਸੀਤਾ ਸਵੰਬਰ ਦੌਰਾਨ ਧਨੁਸ਼ ਟੁੱਟਣ ਨਾਲ ਰਾਮ ਲੀਲਾ ਮੈਦਾਨ ‘ਜੈ ਸ੍ਰੀ ਰਾਮ’ ਦੇ ਜੈਕਾਰਿਆਂ ਨਾਲ ਗੂੰਜਿਆ
Publish Date: Fri, 16 Oct 2026 03:44 PM (IST)
Updated Date: Fri, 16 Oct 2026 03:48 PM (IST)
ਕਮਲ, ਪੰਜਾਬੀ ਜਾਗਰਣ ਹਰਿਆਣਾ : ਨਿਊ ਸ੍ਰੀ ਰਾਮ ਵੈੱਲਫੇਅਰ ਸੋਸਾਇਟੀ ਹਰਿਆਣਾ ਵੱਲੋਂ ਮਰਿਆਦਾ ਪੁਰਸ਼ੋਤਮ ਭਗਵਾਨ ਸ੍ਰੀ ਰਾਮ ਚੰਦਰ ਜੀ ਦੀਆਂ ਲੀਲਾਵਾਂ ਦੀ ਜਾਰੀ ਲੜੀ ਤਹਿਤ ਕੱਲ ਪੰਜਵੇਂ ਦਿਨ ਰਾਮ ਲੀਲਾ ਮੈਦਾਨ ਵਿੱਚ ਸੀਤਾ ਸਵੰਬਰ ਦਾ ਅਲੌਕਿਕ ਅਤੇ ਰੋਮਾਂਚਕ ਮੰਚਨ ਕੀਤਾ ਗਿਆ। ਇਸ ਤੋਂ ਪਹਿਲਾਂ ਭਗਵਾਨ ਸ੍ਰੀ ਰਾਮ ਜੀ ਅਤੇ ਹੋਰ ਮਨਮੋਹਕ ਝਾਕੀਆਂ ਸਮੇਤ ਨਗਰ ਪਰਿਕਰਮਾ ਕੀਤੀ ਗਈ। ਸੀਤਾ ਸਵੰਬਰ ਲਈ ਰਾਜਾ ਜਨਕ ਨੇ ਸ਼ਰਤ ਰੱਖੀ ਸੀ ਕਿ ਜਿਹੜਾ ਵੀ ਸ਼ਿਵ ਧਨੁਸ਼ ’ਤੇ ਪ੍ਰਤਿਅੰਚਾ ਚੜ੍ਹਾਏਗਾ, ਉਸੇ ਨਾਲ ਸੀਤਾ ਦਾ ਵਿਆਹ ਹੋਵੇਗਾ। ਭਗਵਾਨ ਸ਼ਿਵ ਦੇ ਇਸ ਧਨੁਸ਼ ਨੂੰ ਚੁੱਕਣ ਦੀ ਕੋਸ਼ਿਸ਼ ਵਿੱਚ ਦੇਸ਼ ਭਰ ਤੋਂ ਆਏ ਕਈ ਰਾਜੇ, ਮਹਾਰਾਜੇ, ਰਾਜਕੁਮਾਰ ਅਤੇ ਯੋਧੇ ਅਸਫਲ ਰਹੇ। ਇੱਥੋਂ ਤੱਕ ਕਿ ਰਾਵਣ ਵੀ ਇਸ ਧਨੁਸ਼ ਨੂੰ ਹਿਲਾ ਨਹੀ ਸਕਿਆ। ਵਿਸ਼ਵਾਮਿੱਤਰ ਜੀ ਦੇ ਆਦੇਸ਼ ’ਤੇ ਭਗਵਾਨ ਸ੍ਰੀ ਰਾਮ ਨੇ ਧਨੁਸ਼ ਚੁੱਕ ਕੇ ਉਸ ’ਤੇ ਪ੍ਰਤਿਅੰਚਾ ਚੜ੍ਹਾਈ ਤਾਂ ਧਨੁਸ਼ ਪਲ ਭਰ ਵਿੱਚ ਟੁੱਟ ਗਿਆ। ਧਨੁਸ਼ ਟੁੱਟਦਿਆਂ ਹੀ ਰਾਮ ਲੀਲਾ ਮੈਦਾਨ ‘ਜੈ ਸ੍ਰੀ ਰਾਮ’ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਧਨੁਸ਼ ਟੁੱਟਣ ਤੋਂ ਬਾਅਦ ਪਰਸ਼ੂਰਾਮ ਬਹੁਤ ਕ੍ਰੋਧਿਤ ਹੋ ਗਏ। ਆਚਾਰੀਆ ਵਿਸ਼ਵਾਮਿੱਤਰ ਅਤੇ ਲਕਸ਼ਮਣ ਜੀ ਨੇ ਉਨ੍ਹਾਂ ਨੂੰ ਸਮਝਾਇਆ ਕਿ ਇਹ ਪੁਰਾਤਨ ਧਨੁਸ਼ ਸੀ, ਜੋ ਚਲਾਉਂਦਿਆਂ ਹੀ ਟੁੱਟ ਗਿਆ। ਇਸ ਤੋਂ ਬਾਅਦ ਸੀਤਾ-ਰਾਮ ਦੇ ਗੁਣਗਾਨ ਅਤੇ ਜੈਕਾਰਿਆਂ ਵਿਚਕਾਰ ਮਾਤਾ ਸੀਤਾ ਨੇ ਭਗਵਾਨ ਸ੍ਰੀ ਰਾਮ ਦੇ ਗਲ ਵਿੱਚ ਵਰਮਾਲਾ ਪਾਈ। ਇਸ ਮੌਕੇ ਪ੍ਰਸਿੱਧ ਭਜਨ ਗਾਇਕ ਜਿਗਰ ਭੱਲਾ ਨੇ ਵੱਖ-ਵੱਖ ਧਾਰਮਿਕ ਪ੍ਰਸੰਗਾਂ ’ਤੇ ਆਧਾਰਿਤ ਭਜਨ ਪੇਸ਼ ਕਰਕੇ ਪੂਰੇ ਮਾਹੌਲ ਨੂੰ ਰਾਮਮਈ ਬਣਾ ਦਿੱਤਾ।