ਪੰਜਾਬ ਬੰਦ ਦੇ ਸੱਦੇ ਮੌਕੇ ਕਸਬਾ ਚੱਬੇਵਾਲ ਦੀ ਮਾਰਕੀਟ ਰਹੀ ਮੁਕੰਮਲ ਬੰਦ ਪੰਜਾਬ ਬੰਦ ਸੱਦੇ ਮੌਕੇ ਕਸਬਾ ਚੱਬੇਵਾਲ ਦੀ ਮਾਰਕੀਟ ਰਹੀ ਮੁਕੰਮਲ ਬੰਦ
Publish Date: Thu, 15 Oct 2026 06:32 PM (IST)
Updated Date: Thu, 15 Oct 2026 06:33 PM (IST)
ਰਾਜਾ ਸਿੰਘ ਪੱਟੀ, ਪੰਜਾਬੀ ਜਾਗਰਣ ਚੱਬੇਵਾਲ : ਨਸ਼ਾ ਤਸਕਰਾਂ ਖ਼ਿਲਾਫ਼ ਆਵਾਜ਼ ਚੁੱਕਣ ਵਾਲੇ ਸਮਾਜ ਸੇਵੀ ਪਰਵਿੰਦਰ ਸਿੰਘ ਝੋਟਾ ਦੇ ਹੋਏ ਕਤਲ ਦੇ ਰੋਸ ਵਜੋਂ ਪੰਜਾਬ ਬੰਦ ਦੇ ਦਿੱਤੇ ਸੱਦੇ ਦਾ ਪੂਰਨ ਰੂਪ ਵਿੱਚ ਸਮਰਥਨ ਕਰਦੇ ਹੋਏ ਕੱਲ ਸਵੇਰ ਤੋਂ ਲੈ ਕੇ ਬਾਅਦ ਦੁਪਹਿਰ 3 ਵਜੇ ਤੱਕ ਕਸਬਾ ਚੱਬੇਵਾਲ ਦੇ ਸਮੂਹ ਦੁਕਾਨਦਾਰਾਂ ਵੱਲੋਂ ਆਪੋ-ਆਪਣੇ ਵਪਾਰਕ ਅਦਾਰੇ ਬੰਦ ਕਰ ਕੇ ਬੰਦ ਦਾ ਮੁਕੰਮਲ ਸਮਰਥਨ ਕੀਤਾ ਗਿਆ ਅਤੇ ਕਸਬਾ ਚੱਬੇਵਾਲ ਦਾ ਅੱਡਾ ਮੁਕੰਮਲ ਬੰਦ ਰਿਹਾ। ਮੈਡੀਕਲ ਸਟੋਰਾਂ ਦੀਆਂ ਦੁਕਾਨਾਂ ਹੀ ਖੁੱਲ੍ਹੀਆਂ ਰੱਖੀਆਂ ਗਈਆਂ। ਪੰਜਾਬ ਬੰਦ ਸੱਦੇ ਦੇ ਸਮਰਥਨ ਵਿੱਚ ਕਸਬਾ ਚੱਬੇਵਾਲ ਦੇ ਮੁੱਖ ਚੌਕ ਵਿੱਚ ਪਹੁੰਚੇ ਹੋਏ ਵੱਖ-ਵੱਖ ਪਾਰਟੀਆਂ ਨਾਲ ਸਬੰਧਿਤ ਆਗੂਆਂ ਅਤੇ ਇਲਾਕੇ ਦੇ ਲੋਕਾਂ ਵੱਲੋਂ ਹੁਸ਼ਿਆਰਪੁਰ-ਚੰਡੀਗੜ੍ਹ ਮੁੱਖ ਮਾਰਗ ਉੱਤੇ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਆਵਾਜਾਈ ਬੰਦ ਕੀਤੀ ਗਈ। ਪ੍ਰਦਰਸ਼ਨਕਾਰੀਆਂ ਵੱਲੋਂ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ। ਚੱਬੇਵਾਲ ਵਿੱਚ ਦੀ ਲੰਘਦੇ ਹੁਸ਼ਿਆਰਪੁਰ-ਚੰਡੀਗੜ੍ਹ ਮੁੱਖ ਮਾਰਗ ਉੱਤੇ ਐਮਰਜੈਂਸੀ ਸੇਵਾਵਾਂ ਨੂੰ ਜਾਰੀ ਰੱਖਦੇ ਹੋਏ, ਜਿਨ੍ਹਾਂ ਵਿੱਚ ਬਿਮਾਰਾਂ ਨੂੰ ਹਸਪਤਾਲ ਲਿਜਾਣ, ਬਰਾਤ, ਇੰਟਰਵਿਊ ’ਤੇ ਜਾਣ ਵਾਲੇ ਵਿਦਿਆਰਥੀਆਂ ਅਤੇ ਹਵਾਈ ਅੱਡਿਆਂ ਨੂੰ ਜਾਣ ਵਾਲੇ ਲੋਕਾਂ ਨੂੰ ਆਵਾਜਾਈ ਦੀ ਛੋਟ ਦਿੱਤੀ ਗਈ। ਇਸ ਮੌਕੇ ਆਪਣੇ ਸਾਥੀਆਂ ਸਮੇਤ ਰੋਸ ਪ੍ਰਦਰਸ਼ਨ ਕਰਨ ਪਹੁੰਚੇ ਡਾ. ਕੁਲਵੰਤ ਸਿੰਘ, ਲਖਬੀਰ ਸਿੰਘ ਲੱਖੀ, ਕੁਲਜਿੰਦਰ ਸਿੰਘ ਘੁੰਮਣ, ਗੁਰਮੇਲ ਸਿੰਘ ਝੂਟੀ, ਸੁਲੱਖਣ ਸਿੰਘ, ਮਨੋਹਰ ਬਜਰਾਵਰ, ਹਰਦੀਪ ਲੌਂਗੀਆ, ਮਨਦੀਪ ਸਿੰਘ ਮੁੱਖ ਬੁਲਾਰਾ ਵਾਰਿਸ ਪੰਜਾਬ, ਹਰਮਿੰਦਰ ਸਿੰਘ ਸੰਧੂ, ਜਸਵੀਰ ਸਿੰਘ ਜੱਲੋਵਾਲ, ਬਾਬਾ ਅਜੈਬ ਸਿੰਘ, ਗੁਰਚਰਨ ਸਿੰਘ ਸਰਪੰਚ ਬੋਹਣ, ਨੰਬਰਦਾਰ ਰਣਬੀਰ ਸਿੰਘ, ਹਰਵਿੰਦਰ ਸਿੰਘ ਖੇੜਾ, ਜੱਸਾ ਹੰਦੋਵਾਲ, ਦਵਿੰਦਰ ਸਿੰਘ ਹੰਦੋਵਾਲ, ਪਰਵਿੰਦਰ ਸਿੰਘ ਚੱਬੇਵਾਲ ਅਤੇ ਹਲਕੇ ਦੇ ਇਨਸਾਫ ਪਸੰਦ ਲੋਕਾਂ ਨੇ ਪਰਵਿੰਦਰ ਸਿੰਘ ਝੋਟਾ ਦੇ ਕਾਤਲਾਂ ਨੂੰ ਸਖਤ ਸਜ਼ਾਵਾਂ ਦੇਣ ਦੀ ਮੰਗ ਕੀਤੀ। ਇਸ ਮੌਕੇ ਪ੍ਰਸ਼ਾਸਨ ਵੱਲੋਂ ਤਹਿਸੀਲਦਾਰ ਹਰਜੋਤ ਸਿੰਘ, ਡੀਐੱਸਪੀ ਭਾਰਤ ਭੂਸ਼ਣ, ਹਰਜੀਤ ਸਿੰਘ ਥਾਣਾ ਮੁਖੀ ਚੱਬੇਵਾਲ ਵੀ ਪ੍ਰਸ਼ਾਸਨ ਵੱਲੋਂ ਮੌਕੇ ਦੀ ਸਥਿਤੀ ਨੂੰ ਕਾਬੂ ਰੱਖਣ ਵਾਸਤੇ ਪਹੁੰਚੇ ਹੋਏ ਸਨ।