- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਰਵਿੰਦਰ ਸਿੰਘ ਝੋਟੇ ਦੀ ਹੱਤਿਆ ਦੇ ਵਿਰੋਧ ਵਿਚ ਗੜਸ਼ੰਕਰ ਚ ਜ਼ੋਰਦਾਰ ਪ੍ਰਦਰਸ਼ਨ , ਬੰਦ ਰਹੇ ਬਾਜ਼ਾਰ

ਫੂਲਾ ਸਿੰਘ ਬੀਰਮਪੁਰ, ਪੰਜਾਬੀ ਜਾਗਰਣ, ਗੜ੍ਹਸ਼ੰਕਰ : ਮਾਨਸਾ ਦੇ ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਦੇ ਵਿਰੋਧ ਵਿਚ ਵੱਖ-ਵੱਖ ਜਨਤਕ ਜਥੇਬੰਦੀਆਂ ਦੇ ਬੰਦ ਦੇ ਸੱਦੇ ’ਤੇ ਕੱਲ ਗੜ੍ਹਸ਼ੰਕਰ ਸ਼ਹਿਰ ਮੁਕੰਮਲ ਤੌਰ ’ਤੇ ਬੰਦ ਰਿਹਾ। ਬੰਦ ਦੌਰਾਨ ਭਾਵੇਂ ਸਰਕਾਰੀ ਸਕੂਲ ਆਮ ਦਿਨਾਂ ਵਾਂਗ ਖੁੱਲ੍ਹੇ ਰਹੇ ਪਰ ਸਕੂਲਾਂ ਵਿਚ ਵਿਦਿਆਰਥੀਆਂ ਦੀ ਗਿਣਤੀ ਘੱਟ ਹੀ ਰਹੀ। ਉੱਥੇ ਹੀ ਪ੍ਰਾਈਵੇਟ ਸਕੂਲ ਜ਼ਿਆਦਾਤਰ ਬੰਦ ਹੀ ਰਹੇ। ਗੜ੍ਹਸ਼ੰਕਰ-ਮਾਹਿਲਪੁਰ ਸੜਕ ਅਤੇ ਬੱਸ ਸਰਵਿਸ ਬੰਦ ਰਹੀ ਅਤੇ ਸਵਾਰੀਆਂ ਬੱਸ ਅੱਡੇ ਤੇ ਬੱਸ ਦੀ ਉਡੀਕ ਕਰਦੀਆਂ ਨਜ਼ਰ ਵੀ ਆਈਆਂ। ਇਸ ਸਮੇ ਦਵਾਈਆਂ ਦੀਆਂ ਦੁਕਾਨਾਂ ਖੁੱਲ੍ਹੀਆਂ ਰਹੀਆਂ ਪਰ ਸੜਕੀ ਆਵਾਜਾਈ ਬਹੁਤ ਘੱਟ ਰਹੀ। ਗੜ੍ਹਸ਼ੰਕਰ ਵਿਖੇ ਬੰਗਾ ਚੌਕ ਤੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਰੋਸ ਪ੍ਰਦਰਸ਼ਨ ਦੌਰਾਨ ਕਿਹਾ ਕਿ ਪਰਵਿੰਦਰ ਸਿੰਘ ਝੋਟੇ ਦਾ ਕਤਲ ਪੰਜਾਬ ਸਰਕਾਰ ਦੀ ਨਾਲਾਇਕੀ ਕਾਰਨ ਹੋਇਆ ਅਤੇ ਪਰਵਿੰਦਰ ਸਿੰਘ ਝੋਟੇ ਦੇ ਕਾਤਲਾਂ ਨੂੰ ਸਖਤ ਸਜ਼ਾ ਦੇਣ ਦੀ ਮੰਗ ਕੀਤੀ। ਮੌਜੂਦਾ ਆਪ ਸਰਕਾਰ ਪੰਜਾਬ ਵਿੱਚੋਂ ਨਸ਼ਾ ਨਹੀਂ ਖਤਮ ਕਰ ਸਕੀ ਅਤੇ ਹਰ ਦਿਨ ਪੰਜਾਬ ਵਿੱਚ ਕਤਲੇਆਮ ਹੋ ਰਹੇ ਹਨ, ਜਿਸ ਨਾਲ ਕਾਨੂੰਨ ਵਿਵਸਥਾ ’ਤੇ ਤਰ੍ਹਾਂ-ਤਰ੍ਹਾਂ ਦੇ ਸਵਾਲ ਉੱਠ ਰਹੇ ਹਨ। ਇਸ ਮੌਕੇ ਅਕਾਲੀ ਦਲ ਬਾਦਲ ਦੇ ਸਾਬਕਾ ਵਿਧਾਇਕ ਸੁਰਿੰਦਰ ਸਿੰਘ ਰਾਠਾਂ, ਕਾਂਗਰਸ ਦੇ ਜਸਵੀਰ ਸਿੰਘ ਪੁਰਖੋਵਾਲ਼, ਵਾਰਿਸ ਪੰਜ਼ਾਬ ਦੇ ਹਲਕਾ ਇੰਚਾਰਜ ਰਾਜਿੰਦਰ ਸਿੰਘ ਚੱਕ ਸਿੰਘਾ, ਮਾਸਟਰ ਕਰਨੈਲ ਸਿੰਘ, ਹਰਜੀਤ ਸਿੰਘ, ਬੂਟਾ ਸਿੰਘ ਅਲੀਪੁਰ, ਕਿਸਾਨ ਜਸਵੰਤ ਭੱਠਲ, ਨਿਸ਼ਾਨ ਸਿੰਘ ਸੁੰਮਦੜਾ, ਨਗਰ ਕੌਂਸਲ ਗੜ੍ਹਸੰਕਰ, ਓਂਕਾਰ ਸਿੰਘ ਚਾਹਲਪੁਰੀ, ਜਸਪਾਲ ਸਿੰਘ ਕੁੱਕੜਾਂ, ਹਰਪ੍ਰੀਤ ਸਿੰਘ ਰਿੰਕੂ ਬੇਦੀ ਸਮੇਤ ਭਾਰੀ ਗਿਣਤੀ ਵਿਚ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦੇ ਹਾਜ਼ਰ ਸਨ।