ਪੰਜਾਬ ਬੰਦ ਦੇ ਸੱਦੇ ’ਤੇ ਮੁਕੇਰੀਆਂ ਰਿਹਾ ਮੁਕੰਮਲ ਬੰਦ, ਆਗੂਆਂ ਵੱਲੋਂ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਪੰਜਾਬ ਬੰਦ ਦੇ ਸੱਦੇ 'ਤੇ ਮੁਕੇਰੀਆਂ ਰਿਹਾ ਮੁਕੰਮਲ ਬੰਦ, ਆਗੂਆਂ ਵੱਲੋਂ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ
Publish Date: Thu, 15 Oct 2026 03:19 PM (IST)
Updated Date: Thu, 15 Oct 2026 03:21 PM (IST)
ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ ਮੁਕੇਰੀਆਂ : ਨਸ਼ਾ ਵਿਰੋਧੀ ਕਾਰਕੁਨ ਪਰਮਿੰਦਰ ਸਿੰਘ ਝੋਟਾ ਦੇ ਕਤਲ ਦੇ ਵਿਰੋਧ ਵਿੱਚ ਉਨ੍ਹਾਂ ਦੇ ਪਰਿਵਾਰ ਵੱਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਮੁਕੇਰੀਆਂ ਅਤੇ ਆਸ-ਪਾਸ ਦੇ ਕਸਬਿਆਂ ਵਿੱਚ ਭਰਵਾਂ ਹੁੰਗਾਰਾ ਮਿਲਿਆ। ਇੱਥੇ ਵੀਰਵਾਰ ਸਵੇਰੇ ਛੇ ਵਜੇ ਤੋਂ ਹੀ ਬੰਦ ਦਾ ਅਸਰ ਦਿਖਾਈ ਦੇਣ ਲੱਗ ਪਿਆ। ਤੇਜ਼ ਮੀਂਹ ਦੇ ਬਾਵਜੂਦ ਵੱਖ-ਵੱਖ ਸਿਆਸੀ ਪਾਰਟੀਆਂ, ਸਮਾਜਿਕ ਸੰਗਠਨਾਂ ਅਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਤੇ ਵਰਕਰਾਂ ਨੇ ਵੱਖ-ਵੱਖ ਥਾਵਾਂ ’ਤੇ ਰੋਸ ਪ੍ਰਦਰਸ਼ਨ ਕਰਦਿਆਂ ਸੂਬਾ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਬੰਦ ਦੇ ਮੱਦੇਨਜ਼ਰ ਨਿੱਜੀ ਸਕੂਲਾਂ ਅਤੇ ਵਪਾਰਕ ਅਦਾਰਿਆਂ ਨੂੰ ਬੰਦ ਰੱਖਿਆ ਗਿਆ, ਜਦਕਿ ਜਲੰਧਰ-ਪਠਾਨਕੋਟ ਕੌਮੀ ਰਾਜ ਮਾਰਗ ’ਤੇ ਚੱਕਾ ਜਾਮ ਕਾਰਨ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਵਰਿੰਦਰ ਲਗਵਾਲ, ਸੀਨੀਅਰ ਯੂਥ ਆਗੂ ਬਿਕਰਮ ਸਿੰਘ ਅੱਲ੍ਹਾ ਬਖ਼ਸ਼, ਯੂਥ ਆਗੂ ਹਰਮਨਜੀਤ ਸਿੰਘ ਚੱਕ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਹਲਕਾ ਇੰਚਾਰਜ ਪਰਮਿੰਦਰ ਸਿੰਘ ਖਾਲਸਾ, ਬਹੁਜਨ ਸਮਾਜ ਪਾਰਟੀ ਦੇ ਹਲਕਾ ਪ੍ਰਧਾਨ ਸੰਜੀਵ ਕੁਮਾਰ ਅਤੇ ਵਾਰਿਸ ਪੰਜਾਬ ਦੇ ਲਾਡੀ ਨਿੱਝਰ ਸਮੇਤ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਰੋਸ ਮੁਜ਼ਾਹਰੇ ਵਿੱਚ ਸ਼ਮੂਲੀਅਤ ਕੀਤੀ। ਪ੍ਰਦਰਸ਼ਨਕਾਰੀਆਂ ਨੇ ਸ਼ਹਿਰ ਦੇ ਬਾਜ਼ਾਰਾਂ ਵਿੱਚ ਰੋਸ ਮਾਰਚ ਕੱਢਿਆ ਅਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਮਾਤਾ ਰਾਣੀ ਚੌਕ ਵਿਖੇ ਕੌਮੀ ਰਾਜ ਮਾਰਗ ’ਤੇ ਚੱਕਾ ਜਾਮ ਕਰਦੇ ਹੋਟੇ ਰੋਸ ਧਰਨਾ ਲਾਇਆ। ਆਗੂਆਂ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਨਿਡਰਤਾ ਨਾਲ ਆਵਾਜ਼ ਉਠਾਉਣ ਵਾਲੇ ਪਰਮਿੰਦਰ ਸਿੰਘ ਝੋਟਾ ਦੀ ਦਿਨ-ਦਿਹਾੜੇ ਗੋਲੀ ਮਾਰ ਕੇ ਕੀਤੀ ਗਈ ਹੱਤਿਆ ਨੇ ਪੰਜਾਬ ਦੀ ਕਾਨੂੰਨ ਵਿਵਸਥਾ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਕਰੋੜਾਂ ਰੁਪਏ ਖ਼ਰਚਣ ਦੇ ਬਾਵਜੂਦ ਨਸ਼ਿਆਂ ਦਾ ਕਾਰੋਬਾਰ ਰੁਕ ਨਹੀਂ ਰਿਹਾ ਅਤੇ ਨਸ਼ਾ ਵਿਰੋਧੀ ਕਾਰਕੁਨਾਂ ਦੀ ਸੁਰੱਖਿਆ ਵੀ ਯਕੀਨੀ ਨਹੀਂ ਬਣਾਈ ਜਾ ਰਹੀ। ਉਨ੍ਹਾਂ ਮੰਗ ਕੀਤੀ ਕਿ ਕਤਲ ਦੇ ਮਾਮਲੇ ਵਿੱਚ ਦੋਸ਼ੀਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਨਸ਼ਾ ਤਸਕਰੀ ਦੇ ਨੈੱਟਵਰਕ ਨੂੰ ਖ਼ਤਮ ਕਰਨ ਲਈ ਪ੍ਰਭਾਵਸ਼ਾਲੀ ਕਦਮ ਚੁੱਕੇ ਜਾਣ। ਇਸ ਮੌਕੇ ਸ਼ਹਿਰੀ ਪ੍ਰਧਾਨ ਗੁਰਜਿੰਦਰ ਸਿੰਘ ਚੱਕ, ਬੀਬੀ ਸਰਬਜੀਤ ਕੌਰ, ਸੌਦਾਗਰ ਸਿੰਘ ਚਨੌਰ, ਯੁਗਪਾਲ ਸਿੰਘ ਹੈਪੀ, ਬਲਬੀਰ ਸਿੰਘ ਬਿਸ਼ਨਪੁਰ, ਇੰਦਰਜੀਤ ਸਿੰਘ, ਸੰਤੋਖ ਸਿੰਘ ਡਾਲੋਵਾਲ ਅਤੇ ਡਾ. ਬਹਾਦਰ ਮਾਨਸਰ ਸਮੇਤ ਹੋਰ ਆਗੂ ਤੇ ਵਰਕਰ ਮੌਜੂਦ ਸਨ।