ਇਕੋਤਰੀ ਸਮਾਗਮ ’ਚ ਸਾਬਕਾ ਡਿਪਟੀ ਸੀਐੱਮ ਰੰਧਾਵਾ ਸਮੇਤ ਕਈ ਸ਼ਖ਼ਸੀਅਤਾਂ ਨਤਮਸਤਕ ਇਕੋਤਰੀ ਸਮਾਗਮ ’ਚ ਸਾਬਕਾ ਡਿਪਟੀ ਸੀ ਐੱਮ ਰੰਧਾਵਾ ਸਮੇਤ ਕਈ ਸ਼ਖ਼ਸੀਅਤਾਂ ਨਤਮਸਤਕ
Publish Date: Wed, 14 Oct 2026 05:14 PM (IST)
Updated Date: Wed, 14 Oct 2026 05:15 PM (IST)
ਸੁਰਿੰਦਰ ਢਿੱਲੋਂ, ਪੰਜਾਬੀ ਜਾਗਰਣ ਟਾਂਡਾ ਉੜਮੁੜ : ਦੇਸ਼-ਵਿਦੇਸ਼ ਅੰਦਰ ਅੰਮ੍ਰਿਤਰੂਪੀ ਕੁੰਭ ਦੇ ਨਾਮ ਨਾਲ ਜਾਣੇ ਜਾਂਦੇ ਟਾਂਡਾ ਦੇ ਮਹਾਨ ਸਾਲਾਨਾ ਇਕੋਤਰੀ ਸਮਾਗਮ ਮੌਕੇ ਜਿੱਥੇ ਸੰਗਤਾਂ ਅੰਦਰ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਉੱਥੇ ਸੰਤਾਂ-ਮਹਾਪੁਰਸ਼ਾਂ ਤੋਂ ਇਲਾਵਾ ਪੰਥਕ ਅਤੇ ਸਿਆਸੀ ਆਗੂਆਂ ਨੇ ਗੁਰਦੁਆਰਾ ਤਪ ਅਸਥਾਨ ਬਾਬਾ ਬਲਵੰਤ ਸਿੰਘ ਜੀ ਵਿਖੇ ਵੱਡੀ ਗਿਣਤੀ ਵਿੱਚ ਨਤਮਸਤਕ ਹੋਣ ਲਈ ਪਹੁੰਚ ਰਹੇ ਹਨ। ਸੰਤ ਬਾਬਾ ਗੁਰਦਿਆਲ ਸਿੰਘ ਦੇ ਵਿਸ਼ੇਸ਼ ਉਪਰਾਲੇ ਸਦਕਾ ਕਰਵਾਏ ਜਾ ਰਹੇ ਇਕੋਤਰੀ ਸਮਾਗਮ ਦੌਰਾਨ ਹਰ ਰੋਜ਼ ਰਾਤ ਦੇ ਵਿਸ਼ਾਲ ਗੁਰਮਤਿ ਸਮਾਗਮ ਕਰਵਾਏ ਜਾ ਰਹੇ ਹਨ। ਗੁਰਦੁਆਰਾ ਤਪ ਅਸਥਾਨ ਬਾਬਾ ਬਲਵੰਤ ਸਿੰਘ ਵਿਖੇ 101 ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਪਵਿੱਤਰ ਲੜੀ ਤਹਿਤ ਕਰਵਾਏ ਜਾ ਰਹੇ ਗੁਰਮਤਿ ਸਮਾਗਮ ਦੌਰਾਨ ਸਾਬਕਾ ਉਪ ਮੁੱਖ ਮੰਤਰੀ ਅਤੇ ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਤੇ ਦੁਬਈ ਦੇ ਉੱਘੇ ਕਾਰੋਬਾਰੀ ਲਾਡੀ ਕਾਹਲੋਂ ਵੀ ਵਿਸ਼ੇਸ਼ ਤੌਰ ’ਤੇ ਗੁਰਦੁਆਰਾ ਤਪ ਅਸਥਾਨ ਬਾਬਾ ਬਲਵੰਤ ਸਿੰਘ ਜੀ ਵਿਖੇ ਨਤਮਸਤਕ ਹੋਏ ਤੇ ਗੁਰਬਾਣੀ ਕੀਰਤਨ ਸਰਵਨ ਕੀਤਾ। ਇਸ ਮੌਕੇ ਰੰਧਾਵਾ ਨੇ ਇਸ ਸਮਾਗਮ ਦੀ ਭਰਪੂਰ ਸ਼ਬਦਾਂ ਵਿਚ ਸ਼ਲਾਘਾ ਕੀਤੀ। ਸੰਤ ਬਾਬਾ ਗੁਰਦਿਆਲ ਸਿੰਘ ਪੰਜਾਬ ਭਰ ਵਿੱਚ ਚਲਾਏ ਜਾ ਰਹੇ ਧਰਮ ਪ੍ਰਚਾਰ ਕੇਂਦਰ, ਹਸਪਤਾਲ ਅਤੇ ਵਿੱਦਿਅਕ ਅਦਾਰੇ ਮਨੁੱਖਤਾ ਦੇ ਕਾਰਜ ਵਿੱਚ ਇੱਕ ਵੱਡਾ ਯੋਗਦਾਨ ਪਾ ਰਹੇ ਹਨ। ਇਕੋਤਰੀ ਸਮਾਗਮ ਦੌਰਾਨ ਰਾਤ ਦੇ ਦੀਵਾਨ ਵਿਚ ਕਥਾ ਕੀਰਤਨ ਕਰਦੇ ਹੋਏ ਸੰਤ ਬਾਬਾ ਗੁਰਦਿਆਲ ਸਿੰਘ ਨੇ ਸੰਗਤਾਂ ਨੂੰ ਇਕੋਤਰੀ ਸਮਾਗਮ ਰੂਪੀ ਮਾਨਸਰੋਵਰ ਵਿਚ ਡੁਬਕੀ ਲਾ ਕੇ ਅੰਮ੍ਰਿਤ ਦਾ ਮੋਤੀ ਹਾਸਲ ਕਰਨ ਲਈ ਪ੍ਰੇਰਿਤ ਕੀਤਾ ਤੇ ਸੰਗਤਾਂ ਨੂੰ ਪਰਮਾਤਮਾ ਨਾਲ ਜੋੜਿਆ। ਇਸ ਮੌਕੇ ਸੰਤ ਬਾਬਾ ਗੁਰਦਿਆਲ ਸਿੰਘ ਨੇ ਪਹੁੰਚੇ ਸੰਤ ਮਹਾਪੁਰਸ਼ਾਂ ਤੋਂ ਇਲਾਵਾ ਸੁਖਜਿੰਦਰ ਸਿੰਘ ਰੰਧਾਵਾ ਤੇ ਦੁਬਈ ਦੇ ਉੱਘੇ ਕਾਰੋਬਾਰੀ ਲਾਡੀ ਕਾਹਲੋਂ ਨੂੰ ਸਿਰੋਪਾਓ ਵੀ ਭੇਟ ਕੀਤਾ। ਇਸ ਮੌਕੇ ਜਥੇਦਾਰ ਹਰਮੇਲ ਪ੍ਰਕਾਸ਼ ਸਿੰਘ, ਭਾਈ ਗੁਰਦੀਪ ਸਿੰਘ ਮੂਮ, ਭਾਈ ਜੋਰਾਵਰ ਸਿੰਘ, ਭਾਈ ਸਿਮਰਨਜੀਤ ਸਿੰਘ ਕੈਨੇਡਾ, ਭਾਈ ਬਲਵੀਰ ਸਿੰਘ, ਭਾਈ ਅਰਜਨ ਸਿੰਘ ਆਦਿ ਤੋਂ ਇਲਾਵਾ ਹੋਰ ਸੰਗਤਾਂ ਹਾਜ਼ਰ ਸਨ।