ਪੱਤਰਕਾਰਾਂ ’ਤੇ ਹਮਲੇ ਖ਼ਿਲਾਫ਼ ਤਲਵਾੜਾ ਪ੍ਰੈੱਸ ਕਲੱਬ ਵੱਲੋਂ ਪੁਤਲਾ ਫੂਕ ਪ੍ਰਦਰਸ਼ਨ ਪੱਤਰਕਾਰਾਂ ’ਤੇ ਹਮਲੇ ਖ਼ਿਲਾਫ਼ ਤਲਵਾੜਾ ਪ੍ਰੈੱਸ ਕਲੱਬ ਵੱਲੋਂ ਪੁਤਲਾ ਫੂਕ ਪ੍ਰਦਰਸ਼
Publish Date: Wed, 14 Oct 2026 04:20 PM (IST)
Updated Date: Wed, 14 Oct 2026 04:24 PM (IST)
ਦੇਸ ਰਾਜ, ਪੰਜਾਬੀ ਜਾਗਰਣ ਤਲਵਾੜਾ : ਸਥਾਨਕ ਮਹਾਰਾਣਾ ਪ੍ਰਤਾਪ ਚੌਕ ਵਿਖੇ ਪ੍ਰੈੱਸ ਕੱਲਬ ਤਲਵਾੜਾ ਨੇ ਦਿੱਲੀ ਪੁਲਿਸ ਵੱਲੋਂ ਪੱਤਰਕਾਰਾਂ ’ਤੇ ਹਮਲੇ ਖ਼ਿਲਾਫ਼ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ। ਪ੍ਰਿੰਟ ਅਤੇ ਡਿਜੀਟਲ ਮੀਡੀਆ ਦੇ ਸਥਾਨਕ ਪੱਤਰਕਾਰਾਂ ਨੇ ਦਿੱਲੀ ਪੁਲਿਸ ਦੀ ਕਥਿਤ ਕੁੱਟਮਾਰ ਦਾ ਸ਼ਿਕਾਰ ਹੋਏ ਪੱਤਰਕਾਰਾਂ ਨਾਲ ਇੱਕਜੁੱਟਤਾ ਪ੍ਰਗਟਾਈ। ਸੀਨੀਅਰ ਪੱਤਰਕਾਰ ਡੀਸੀ ਭਾਰਦਵਾਜ, ਰਾਕੇਸ਼ ਸ਼ਰਮਾ, ਰਾਜੀਵ ਓਸ਼ੋ, ਪਵਨ ਸ਼ਰਮਾ ਜੋਤੀ ਗੌਤਮ ਆਦਿ ਨੇ ਦੱਸਿਆ ਕਿ ਕਾਕਰੌਚ ਜਨਤਾ ਪਾਰਟੀ ਨੇ ਵੋਟ ਚੋਰੀ ਅਤੇ ਵੋਟਰ ਸੂਚੀਆਂ ਦੀ ਵਿਆਪਕ ਸੁਧਾਈ ’ਚ ਕਥਿਤ ਬੇਨਿਯਮੀਆਂ ਨੂੰ ਲੈ ਕੇ ਲੰਘੀ 10 ਤਾਰੀਕ ਦਿੱਲੀ ਦੇ ਜੰਤਰ ਮੰਤਰ ਵਿਖੇ ਅੰਦੋਲਨ ਦਾ ਸੱਦਾ ਦਿੱਤਾ ਸੀ। ਸੀਜੇਪੀ ਐੱਸਆਈਆਰ ਨੂੰ ਰੱਦ ਅਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ ਕਰ ਰਹੀ ਹੈ। ਇਸ ਅੰਦੋਲਨ ਦੀ ਕਵਰੇਜ਼ ਲਈ ਪ੍ਰਿੰਟ ਅਤੇ ਡਿਜੀਟਲ ਮੀਡੀਆ ਦੇ ਕਈ ਪੱਤਰਕਾਰ, ਜਿਨ੍ਹਾਂ ਵਿੱਚ ਮਹਿਲਾ ਪੱਤਰਕਾਰ ਵੀ ਸ਼ਾਮਲ ਸਨ, ਮੌਕੇ ’ਤੇ ਪਹੁੰਚੇ। ਦੋਸ਼ ਲਾਇਆ ਗਿਆ ਕਿ ਦਿੱਲੀ ਪੁਲਿਸ ਨੇ ਪੱਤਰਕਾਰਾਂ ਨੂੰ ਕਵਰੇਜ਼ ਕਰਨ ਤੋਂ ਰੋਕਿਆ, ਕਈਆਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਨਾਲ ਕੁੱਟਮਾਰ ਕਰ ਕੇ ਕੈਮਰੇ ਵੀ ਤੋੜ ਦਿੱਤੇ। ਮਹਿਲਾ ਪੱਤਰਕਾਰਾਂ ਨਾਲ ਵੀ ਕਥਿਤ ਤੌਰ ’ਤੇ ਹੱਥੋਂਪਾਈ ਅਤੇ ਬਦਸਲੂਕੀ ਕੀਤੀ ਗਈ। ਇਸ ਘਟਨਾ ਦੀ ਪੱਤਰਕਾਰ ਭਾਈਚਾਰੇ ਵੱਲੋਂ ਸਖ਼ਤ ਨਿਖੇਧੀ ਕੀਤੀ ਗਈ। ਤਲਵਾੜਾ ਪ੍ਰੈੱਸ ਕਲੱਬ ਦੇ ਸਮੂਹ ਮੈਂਬਰਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਘਟਨਾ ਦੀ ਜਾਂਚ ਕਰਵਾ ਕੇ ਦੋਸ਼ੀ ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਪੱਤਰਕਾਰ ਨਵਦੀਪ ਸਿੰਘ, ਜਸਵੀਰ ਸਿੰਘ, ਦੀਪਕ ਠਾਕੁਰ, ਬਲਦੇਵ ਟੋਹਲੂ ਅਤੇ ਵਿਕਰਾਂਤ ਮਹਿਤਾ ਨੇ ਕਿਹਾ ਕਿ ਲੋਕਤੰਤਰ ਵਿੱਚ ਹਰ ਕਿਸੇ ਨੂੰ ਸ਼ਾਂਤਮਈ ਰੋਸ ਪ੍ਰਗਟਾਉਣ ਦਾ ਅਧਿਕਾਰ ਹੈ। ਮੀਡੀਆ ਲੋਕਤੰਤਰ ਦਾ ਚੌਥਾ ਥੰਮ੍ਹ ਹੈ, ਪਰ ਦੇਸ਼ ਵਿੱਚ ਪੱਤਰਕਾਰਾਂ ’ਤੇ ਲਗਾਤਾਰ ਹੋ ਰਹੇ ਹਮਲੇ ਚਿੰਤਾ ਦਾ ਵਿਸ਼ਾ ਹਨ। ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਤੋਂ ਪੱਤਰਕਾਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ।