ਪਿੰਡ ਕੂੰਟ ਵਾਸੀ ਗ੍ਰਾਂਟ ਮਿਲਣ ਦੇ ਬਾਵਜੂਦ ਕਈ ਸਾਲਾਂ ਤੋਂ ਗੰਦਗੀ ਭਰੇ ਮਾਹੌਲ ’ਚ ਰਹਿਣ ਲਈ ਮਜਬੂਰ ਪਿੰਡ ਕੂੰਟ ਦੇ ਵਾਸੀ ਗ੍ਰਾਂਟ ਮਿਲਣ ਦਾ ਬਾਵਜੂਦ ਕਈ ਸਾਲਾਂ ਤੋਂ ਗੰਦਗੀ ਭਰੇ ਮਾਹੌਲ ਵਿੱਚ ਰਹਿਣ ਲਈ ਮਜ਼ਬੂਰ
Publish Date: Tue, 13 Oct 2026 05:11 PM (IST)
Updated Date: Tue, 13 Oct 2026 05:11 PM (IST)
ਹੈਪੀ, ਪੰਜਾਬੀ ਜਾਗਰਣ ਬੁੱਲ੍ਹੋਵਾਲ : ਹਲਕਾ ਸ਼ਾਮਚੁਰਾਸੀ ਦੇ ਬੁੱਲੋਵਾਲ, ਭੋਗਪੁਰ ਰੋਡ ਅਤੇ ਪਿੰਡ ਕੂੰਟ ਵਿਖੇ ਗਲੀਆਂ-ਨਾਲੀਆਂ ਦਾ ਗੰਦਾ ਪਾਣੀ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਦੇ ਆਸ-ਪਾਸ ਮੁਹੱਲੇ ਵਿੱਚ ਦਿਨ-ਰਾਤ ਖੜ੍ਹੇ ਰਹਿਣ ਕਾਰਨ ਗੰਦਗੀ ਭਰੇ ਮਾਹੌਲ ਵਿੱਚ ਮੁਹੱਲੇ ਵਾਸੀ ਰਹਿਣ ਲਈ ਮਜਬੂਰ ਹਨ। ਪਾਣੀ ਨਾਲ ਨੱਕੋ ਨੱਕ ਭਰੇ ਹੋਏ ਛੱਪੜ ਦੇ ਓਵਰਫਲੋਅ ਅਤੇ ਸੀਵਰੇਜ਼ ਲਈ ਹਲਕਾ ਵਿਧਾਇਕ ਮੌਜੂਦਾ ਕੈਬਨਿਟ ਮੰਤਰੀ ਡਾ ਰਵਜੋਤ ਸਿੰਘ ਇਸ ਦੇ ਨਿਕਾਸੀ ਲਈ ਤਕਰੀਬਨ 14 ਲੱਖ ਦੀ ਗ੍ਰਾਂਟ ਜਾਰੀ ਕਰਵਾ ਚੁੱਕੇ ਹਨ। ਸੀਵਰੇਜ਼ ਦੇ ਕੰਮ ਦੀ ਧੀਮੀ ਰਫ਼ਤਾਰ ਕਾਰਨ ਮੁਹੱਲੇ ਨਿਵਾਸੀ ਗੰਦਗੀ ਭਰੇ ਮਾਹੌਲ ਵਿੱਚ ਰਹਿਣ ਲਈ ਮਜਬੂਰ ਹੋ ਰਹੇ ਹਨ। ਪਿੰਡ ਪੰਚਾਇਤ ਵੱਲੋਂ ਨਾ ਤਾਂ ਅਜੇ ਪੂਰਾ ਸੀਵਰੇਜ਼ ਕੰਮ ਖਤਮ ਕੀਤਾ ਗਿਆ ਹੈ ਅਤੇ ਨਾ ਨਵੇਂ ਪੁੱਟੇ ਜਾ ਰਹੇ ਛੱਪੜ ਦੀ ਪੁਟਾਈ ਮੁਕੰਮਲ ਹੋ ਸਕੀ ਹੈ। ਪਿੰਡ ਵਾਸੀਆਂ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਗੰਦੇ ਪਾਣੀ, ਕੂੜਾ ਕਰਕਟ ਅਤੇ ਪਸ਼ੂਆਂ ਦਾ ਮਲਮੂਤਰ ਉਨ੍ਹਾਂ ਦੇ ਘਰਾਂ ਦੇ ਦਰਵਾਜ਼ਿਆਂ ਅੱਗੇ ਲਗਾਤਾਰ ਖੜ੍ਹਾ ਰਹਿੰਦਾ ਹੈ, ਜਿਸ ਕਾਰਨ ਬਦਬੂ ਤਾਂ ਆਉਂਦੀ ਹੀ ਹੈ, ਸਗੋਂ ਪੂਰੀ ਪਿੰਡ ਦੀ ਫਿਰਨੀ ’ਤੇ ਪਿੰਡ ਵਾਸੀਆਂ ਅਤੇ ਆਮ ਲੰਘ ਰਹੇ ਦੂਜੇ ਪਿੰਡ ਦੇ ਵਾਸੀਆਂ ਦਾ ਲੰਘਣਾ ਵੀ ਔਖਾ ਹੋਇਆ ਹੈ। ਪਿੰਡ ਪੰਚਾਇਤ ਵਲੋਂ ਸੜਕਾਂ ਕਿਨਾਰੇ ਅਣਗਹਿਲੀ ਨਾਲ ਪਾਈ ਚੀਕਣੀ ਮਿੱਟੀ ’ਤੇ ਬਾਰਿਸ਼ ਦੌਰਾਨ ਕਈ ਵਾਰ ਰਾਹਗੀਰ ਇੱਥੋ ਸਲਿਪ ਕਰਕੇ ਭਰੇ ਛੱਪੜ ਵਿੱਚ ਡਿੱਗ ਸਕਦੇ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸਬੰਧਿਤ ਪੰਚਾਇਤ ਅਧਿਕਾਰੀ ਵੀ ਕੁੰਭਕਰਨੀ ਨੀਂਦ ਸੁੱਤੇ ਹਨ, ਜਿਨ੍ਹਾਂ ਤੋਂ ਮਿਲੀ ਗ੍ਰਾਂਟ ਨੂੰ ਅਜੇ ਤੱਕ ਸਮੇਂ ਸਿਰ ਖਰਚ ਕਰ ਕੇ ਕੰਮ ਮੁਕੰਮਲ ਨਹੀਂ ਕਰਵਾਇਆ ਗਿਆ। ਇਸ ਕੰਮ ਨੂੰ ਮੁਕੰਮਲ ਕਰਨ ਲਈ ਮੌਜੂਦਾ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਖੁਦ ਪਿੰਡ ਕੂੰਟ ਪਹੁੰਚ ਕੇ ਪਿੰਡ ਦੇ ਸਰਪੰਚ ਨੂੰ ਕਹਿ ਚੁੱਕੇ ਹਨ ਪਰ ਉਨ੍ਹਾਂ ਵਲੋਂ ਦਿੱਤੇ ਅਦੇਸ਼ਾਂ ਨੂੰ ਮੌਜੂਦਾ ਪੰਚਾਇਤ ਤੇ ਅਧਿਕਾਰੀ ਟਿੱਚ ਸਮਝਦੇ ਰਹੇ ਜਿਸ ਕਰਨ ਅਜੇ ਤੱਕ ਵੀ ਕੰਮ ਮੁਕੰਮਲ ਨਹੀਂ ਹੋ ਸਕਿਆ। ਕੀ ਕਹਿਣਾ ਪੰਚਾਇਤ ਸੈਕਟਰੀ ਦਾ : ਇਸ ਸਬੰਧੀ ਸਬੰਧਿਤ ਪੰਚਾਇਤ ਸੈਕਟਰੀ ਰਣਜੀਤ ਸਿੰਘ ਨੇ ਦੱਸਿਆ ਕਿ ਕੰਮ ਜਲਦੀ ਮੁਕੰਮਲ ਹੋ ਜਾਵੇਗਾ, ਪਾਈਪ ਜੋੜ ਦਿੱਤੇ ਜਾਣਗੇ, ਕੰਮ ਬਰਸਾਤ ਕਾਰਨ ਰੁਕਿਆ ਹੈ ਅਤੇ ਠੇਕੇਦਾਰ ਵੱਲੋਂ ਦੇਰੀ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਮਿਲੀ ਹੋਈ ਗ੍ਰਾਂਟ ਖਰਚ ਹੋ ਚੁੱਕੀ ਹੈ ਅਤੇ ਪੰਜ ਲੱਖ ਸਰਬਸੰਮਤੀ ਦੇ ਵਿੱਚੋਂ ਵੀ ਖਰਚ ਲਏ ਗਏ ਹਨ। ਹੁਣ ਸਵਾਲ ਇਹ ਹੈ ਕਿ ਗ੍ਰਾਂਟ ਖਰਚ ਲਈ ਗਈ ਹੈ ਪਰ ਕੰਮ ਅਜੇ ਮੁਕੰਮਲ ਹੀ ਨਹੀਂ ਹੋ ਸਕਿਆ। ਇਸ ਦਾ ਜ਼ਿੰਮੇਵਾਰ ਕੌਣ ਹੋਵੇਗਾ ਅਤੇ ਲੋਕਾਂ ਨੂੰ ਕਦੋ ਰਾਹਤ ਮਿਲੇਗੀ।