- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੜਸ਼ੰਕਰ ਦੇ ਵਿਕਾਸ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕਰ ਰਹੇ ਨੰਗਲ ਰੋਡ ਤੇ ਪਏ ਖੱਡੇ

ਦਲਵਿੰਦਰ ਸਿੰਘ ਮਨੋਚਾ, ਪੰਜਾਬੀ ਜਾਗਰਣ
ਗੜਸ਼ੰਕਰ : ਗੜਸ਼ੰਕਰ ਦਾ ਨੰਗਲ ਰੋਡ ਅਕਸਰ ਹੀ ਚਰਚਾ ਵਿੱਚ ਰਹਿੰਦਾ ਹੈ ਜਿੱਥੇ ਆਏ ਦਿਨ ਹਾਦਸੇ ਵਾਪਰਦੇ ਰਹਿੰਦੇ ਹਨ ਅਤੇ ਇਸ ਰੋਡ 'ਤੇ ਮਾਈਨਿੰਗ ਵਾਲੇ ਓਵਰਲੋਡ ਟਿੱਪਰ ਵੱਡੀ ਮਾਤਰਾ ਵਿੱਚ ਗੁਜ਼ਰਦੇ ਹਨ। ਬੇਸ਼ੱਕ ਇਸ ਰੋਡ ’ਤੇ ਮਾਈਨਿੰਗ ਵਾਲੇ ਵਾਹਨ ਨੂੰ ਆਉਣ-ਜਾਣ ਵਿੱਚ ਕੋਈ ਰੋਕ ਤਾਂ ਨਹੀਂ ਪਰ ਇਸ ਸੜਕ ’ਤੇ ਪਏ ਵੱਡੇ-ਵੱਡੇ ਟੋਏ ਅਕਸਰ ਛੋਟੇ ਵਾਹਨਾਂ ਲਈ ਹਾਦਸਿਆਂ ਦਾ ਕਾਰਨ ਬਣਦੇ ਰਹਿੰਦੇ ਹਨ, ਜੋ ਕਿ ਕਈ ਵਾਰ ਜਾਨਲੇਵਾ ਸਾਬਤ ਵੀ ਹੋਏ ਹਨ। ਸਥਾਨਕ ਦੁਕਾਨਦਾਰਾਂ ਵੱਲੋਂ ਇਨ੍ਹਾਂ ਟੋਇਆਂ ਨੂੰ ਕਈ ਵਾਰ ਮਿੱਟੀ ਨਾਲ ਪੂਰਿਆ ਗਿਆ ਹੈ ਪਰ ਵੱਡੀ ਗਿਣਤੀ ਵਿੱਚ ਵਾਹਨ ਲੰਘਣ ਕਾਰਨ ਇਹ ਮਿੱਟੀ ਉੱਡ ਕੇ ਉਨ੍ਹਾਂ ਦੀਆਂ ਹੀ ਦੁਕਾਨਾਂ ਵਿੱਚ ਪੈਂਦੀ ਹੈ ਅਤੇ ਟੋਏ ਕੁਝ ਦਿਨਾਂ ਬਾਅਦ ਫਿਰ ਉਵੇਂ ਹੀ ਪੈ ਜਾਂਦੇ ਹਨ।
ਸਥਾਨਕ ਪ੍ਰਸ਼ਾਸਨ ਵੱਲੋਂ ਇਸ ਵੱਲ ਕੋਈ ਬਹੁਤਾ ਧਿਆਨ ਨਹੀਂ ਦਿੱਤਾ ਜਾਂਦਾ। ਬੇਸ਼ੱਕ ਇੱਕ ਦੋ ਵਾਰ ਸਥਾਨਕ ਕੌਂਸਲਰਾਂ ਵੱਲੋਂ ਵੀ ਮਿੱਟੀ ਪਾ ਕੇ ਆਰਜੀ ਤੌਰ ’ਤੇ ਇਨ੍ਹਾਂ ਟੋਇਆਂ ਨੂੰ ਭਰਨ ਦੀ ਕੋਸ਼ਿਸ਼ ਕੀਤੀ ਗਈ ਪਰ ਇਸ ਦਾ ਪੱਕਾ ਹੱਲ ਕਰਨ ਵਿੱਚ ਉਹ ਵੀ ਅਸਫ਼ਲ ਰਹੇ। ਆਏ ਦਿਨ ਇਨ੍ਹਾਂ ਟੋਇਆਂ ਵਿੱਚ ਡਿੱਗ ਕੇ ਬਹੁਤ ਸਾਰੇ ਦੋ ਪਹੀਆ, ਤਿੰਨ ਪਹੀਆ ਅਤੇ ਚਾਰ ਪਹੀਆ ਵਾਹਨ ਪਲਟ ਜਾਂਦੇ ਹਨ ਜਿਸ ਕਾਰਨ ਵਾਹਨ ਸਵਾਰ ਅਕਸਰ ਜ਼ਖ਼ਮੀ ਹੋ ਜਾਂਦੇ ਹਨ। ਐਤਵਾਰ ਸਵੇਰ ਸਾਰ ਕਰੀਬ 7 ਵਜੇ ਇਸ ਸੜਕ ’ਤੇ ਪਏ ਵੱਡੇ ਟੋਇਆਂ ਕਾਰਨ ਵਾਪਰੇ ਇੱਕ ਸੜਕ ਹਾਦਸੇ ਵਿੱਚ ਇਕ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਕਾਰ ਚਾਲਕ ਨੰਗਲ ਤੋਂ ਗੜਸ਼ੰਕਰ ਵੱਲ ਆ ਰਹੇ ਸਨ, ਜਦਕਿ ਸਾਹਮਣੇ ਤੋਂ ਇੱਕ ਟਰੈਕਟਰ-ਟਰਾਲੀ ਨੰਗਲ ਰੋਡ ਵੱਲ ਜਾ ਰਹੀ ਸੀ। ਪਹਿਲਾਂ ਡੂੰਘਾ ਟੋਇਆ ਨਾ ਦਿਸਣ ਅਤੇ ਇਕਦਮ ਅੱਗੇ ਆਉਣ ਕਾਰਨ ਚਾਲਕ ਨੇ ਕਾਰ ਘੁਮਾ ਦਿੱਤੀ ਜੋ ਕਿ ਸਾਹਮਣੇ ਤੋਂ ਆ ਰਹੀ ਟਰੈਕਟਰ-ਟਰਾਲੀ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ, ਜਦਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਇਸੇ ਤਰ੍ਹਾਂ ਦੋ ਦਿਨ ਪਹਿਲਾਂ ਸਵਾਰੀਆਂ ਨਾਲ ਭਰਿਆ ਇੱਕ ਈ ਰਿਕਸ਼ਾ ਇਸ ਟੋਏ ਵਿੱਚ ਆਉਣ ਕਾਰਨ ਪਲਟ ਗਿਆ, ਜਿਸ ’ਤੇ ਸਥਾਨਕ ਲੋਕਾਂ ਵੱਲੋਂ ਈ ਰਿਕਸ਼ਾ ਸਵਾਰਾਂ ਨੂੰ ਬਾਹਰ ਕੱਢਿਆ ਗਿਆ। ਸਥਾਨਕ ਲੋਕਾਂ ਦੀ ਮੰਗ ਹੈ ਕਿ ਪ੍ਰਸ਼ਾਸਨ ਇਨ੍ਹਾਂ ਟੋਇਆਂ ਵੱਲ ਧਿਆਨ ਦੇ ਕੇ ਇਨ੍ਹਾਂ ਦਾ ਹੱਲ ਕਰੇ ਤਾਂ ਜੋ ਕੀਮਤੀ ਜਾਨਾਂ ਬਚ ਸਕਣ।