ਫੁੱਟਬਾਲ ਦੇ ਨਿਘਾਰ ’ਤੇ ਕੇਸੋ ਕਿਰਪਾਲ ਦਾ ਤਿੱਖਾ ਬਿਆਨ ਫੁੱਟਬਾਲ ਦੇ ਨਿਘਾਰ ’ਤੇ ਕੇਸੋ ਕਿਰਪਾਲ ਦਾ ਤਿੱਖਾ ਬਿਆਨ
Publish Date: Sun, 11 Oct 2026 03:43 PM (IST)
Updated Date: Sun, 11 Oct 2026 03:44 PM (IST)
ਨਿਰਮਲ ਮੁੱਗੋਵਾਲ, ਪੰਜਾਬੀ ਜਾਗਰਣ ਸੈਲਾ ਖੁਰਦ : ਆਪਣੇ ਸਮੇਂ ਦੇ ਮਹਾਨ ਫੁੱਟਬਾਲਰ ਕੇਸੋ ਕਿਰਪਾਲ ਸਿੰਘ ਬੱਡੋ ਪੰਜਾਬ ਵਿੱਚ ਫੁੱਟਬਾਲ ਦੀ ਖੇਡ ਦੇ ਲਗਾਤਾਰ ਡਿੱਗ ਰਹੇ ਪੱਧਰ ਨੂੰ ਲੈ ਕੇ ਬੇਹੱਦ ਚਿੰਤਤ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਫੁੱਟਬਾਲ ਨੂੰ ਮੁੜ ਤਰੱਕੀ ਦੀਆਂ ਲੀਹਾਂ ’ਤੇ ਲਿਆਉਣ ਲਈ ਸਰਕਾਰਾਂ ਨੂੰ ਕੂੜ ਪ੍ਰਚਾਰ ਛੱਡ ਕੇ ਜ਼ਮੀਨੀ ਪੱਧਰ ’ਤੇ ਠੋਸ ਕੰਮ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਪਿੰਡਾਂ ਅਤੇ ਸ਼ਹਿਰਾਂ ਵਿੱਚੋਂ ਯੋਗ ਤੇ ਲੋੜਵੰਦ ਉੱਭਰਦੇ ਖਿਡਾਰੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਲੋੜੀਂਦੀਆਂ ਸਹੂਲਤਾਂ, ਵਧੀਆ ਸਿਖਲਾਈ ਤੇ ਮੌਕੇ ਮੁਹੱਈਆ ਕਰਵਾਉਣ, ਤਾਂ ਜੋ ਇਹ ਖਿਡਾਰੀ ਆਧੁਨਿਕ ਫੁੱਟਬਾਲ ਦੇ ਹਾਣੀ ਬਣ ਸਕਣ ਅਤੇ ਦੇਸ਼ ਤੇ ਸੂਬੇ ਦਾ ਨਾਮ ਰੌਸ਼ਨ ਕਰ ਸਕਣ। ਉਨ੍ਹਾਂ ਆਪਣੇ ਮਨ ਦੇ ਇਹ ਵਿਚਾਰ ਫੁੱਟਬਾਲ ਪਲੇਅਰਜ਼ ਵੈੱਲਫੇਅਰ ਸੁਸਾਇਟੀ ਮਾਹਿਲਪੁਰ ਦੇ ਮੈਂਬਰਾਂ ਵੱਲੋਂ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕਰਨ ਮੌਕੇ ਸਾਂਝੇ ਕੀਤੇ। ਉਨ੍ਹਾਂ ਆਪਣੇਂ ਸਮੇਂ ਦੇ ਮਹਾਨ ਫੁੱਟਬਾਲਰਾਂ ਜਰਨੈਲ ਸਿੰਘ ਪਨਾਮ, ਇੰਦਰ ਸਿੰਘ, ਗੁਰਦੇਵ ਸਿੰਘ ਗਿੱਲ, ਗੁਰਕਿਰਪਾਲ ਸਿੰਘ ਦਾ ਵਿਸ਼ੇਸ਼ ਜਿਕਰ ਕਰਦਿਆਂ ਕਿਹਾ ਕਿ ਜਦੋਂ ਥੁੜਾਂ ਮਾਰੇ ਸਮਿਆਂ ’ਚ ਅਜਿਹੇ ਮਹਾਨ ਖਿਡਾਰੀ ਪੈਦਾ ਹੋ ਸਕਦੇ ਹਨ ਤਾਂ ਹੁਣ ਤਾਂ ਸਹੂਲਤਾਂ ਦੀ ਕੋਈ ਘਾਟ ਹੀ ਨਹੀਂ। ਸਿਰਫ਼ ਸਰਕਾਰਾਂ ਨੂੰ ਆਪਣੀਂ ਜ਼ਿੰਮੇਵਾਰੀ ਪੂਰੀ ਇਮਾਨਦਾਰੀ ਨਾਲ ਨਿਭਾਉਣੀ ਪਵੇਗੀ। ਇਸ ਮੌਕੇ ਸੁਸਾਇਟੀ ਮੈਂਬਰ ਤਲਵਿੰਦਰ ਸਿੰਘ ਹੀਰ ਨੰਗਲ ਖਿਲਾੜੀਆਂ, ਸਰਪੰਚ ਕੁਲਦੀਪ ਸਿੰਘ ਸਿੱਧੂ, ਜਸਵਿੰਦਰ ਸਿੰਘ ਬੰਗਾ ਆਦਿ ਹਾਜ਼ਰ ਸਨ।