ਸਰਬੱਤ ਦੇ ਭਲੇ ਦੀ ਅਰਦਾਸ ਨਾਲ ਹੋਈ ਇਕੋਤਰੀ ਸਮਾਗਮ ਦੀ ਆਰੰਭਤਾ ਸਰਬੱਤ ਦੇ ਭਲੇ ਦੀ ਅਰਦਾਸ ਨਾਲ ਹੋਈ ਇਕੋਤਰੀ ਸਮਾਗਮ ਦੀ ਆਰੰਭਤਾ
Publish Date: Tue, 06 Oct 2026 04:12 PM (IST)
Updated Date: Tue, 06 Oct 2026 04:14 PM (IST)
ਸੁਰਿੰਦਰ ਢਿੱਲੋਂ, ਪੰਜਾਬੀ ਜਾਗਰਣ ਟਾਂਡਾ ਉੜਮੁੜ : ਦੇਸ਼-ਵਿਦੇਸ਼ ਅੰਦਰ ਅੰਮ੍ਰਿਤਰੂਪੀ ਮਹਾਕੁੰਭ ਦੇ ਨਾਂ ਨਾਲ ਜਾਣੇ ਜਾਂਦੇ ਮਹਾਨ ਸਾਲਾਨਾ ਇਕੋਤਰੀ ਸਮਾਗਮ ਦੇ 101 ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਪਾਵਨ ਅਤੇ ਪਵਿੱਤਰ ਪਹਿਲੀ ਲੜੀ ਦੇ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਸਰਬੱਤ ਦੇ ਭਲੇ ਦੀ ਅਰਦਾਸ ਨਾਲ ਕੀਤੀ ਗਈ। ਇਸ ਮੌਕੇ ਖਾਲਸਾਮਈ ਜਾਹੋ ਜਲਾਲ ਅਤੇ ਸੰਗਤਾਂ ਦੇ ਭਾਰੀ ਉਤਸ਼ਾਹ ਹੇਠ ਅੰਮ੍ਰਿਤ ਵੇਲੇ ਸੰਤ ਬਾਬਾ ਗੁਰਦਿਆਲ ਸਿੰਘ ਤੋਂ ਇਲਾਵਾ ਹੋਰ ਸੰਤ ਮਹਾਪੁਰਸ਼ਾਂ ਅਤੇ ਪੰਥ ਪ੍ਰਸਿੱਧ ਸ਼ਖ਼ਸੀਅਤਾਂ ਦੀ ਹਾਜ਼ਰੀ ਵਿੱਚ ਜਿੱਥੇ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ਇਨ੍ਹਾਂ ਸਮਾਗਮਾਂ ਦੀ ਆਰੰਭਤਾ ਹੋਈ ਉੱਥੇ ਸੰਤ ਬਾਬਾ ਗੁਰਦਿਆਲ ਸਿੰਘ ਨੇ ਵੱਡੀ ਗਿਣਤੀ ਵਿੱਚ ਹਾਜ਼ਰ ਸੰਗਤਾਂ ਨੂੰ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣਨ ਲਈ ਪ੍ਰੇਰਿਆ। ਇਸ ਮੌਕੇ ਸੰਤ ਬਾਬਾ ਗੁਰਦਿਆਲ ਸਿੰਘ ਨੇ ਕਿਹਾ ਕਿ 23 ਦਿਨ ਤੱਕ ਲਗਾਤਾਰ ਚੱਲਣ ਵਾਲੇ ਇਸ ਅੰਮ੍ਰਿਤਮਈ ਸਮਾਗਮਾਂ ਦਾ ਲਾਹਾ ਖੱਟ ਕੇ ਬਾਣੀ ਨਾਲ ਪੂਰਨ ਰੂਪ ਵਿੱਚ ਜੁੜ ਕੇ ਆਪਣਾ ਜੀਵਨ ਸਫ਼ਲ ਕਰੋ। ਉਨ੍ਹਾਂ ਇਸ ਮੌਕੇ ਸਜਾਏ ਗਏ ਗੁਰਮਤਿ ਦੀਵਾਨ ਦੌਰਾਨ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਸੰਤ ਬਾਬਾ ਹਰਜਿੰਦਰ ਸਿੰਘ ਬਰਾੜ, ਸੰਤ ਬਾਬਾ ਰਣਬੀਰ ਸਿੰਘ, ਸੰਤ ਬਾਬਾ ਮਨਵੀਰ ਸਿੰਘ ਨਾਨਕਸਰ ਵਾਲੇ, ਸੰਤ ਬਾਬਾ ਕੁਲਵਿੰਦਰ ਸਿੰਘ, ਜਥੇਦਾਰ ਹਰਮੇਲ ਪ੍ਰਕਾਸ਼ ਸਿੰਘ, ਭਾਈ ਸੁਮੀਤ ਸਿੰਘ, ਭਾਈ ਸਿਮਰਨ ਸਿੰਘ, ਭਾਈ ਜੋਰਾਵਰ ਸਿੰਘ, ਭਾਈ ਅਰਜੁਨ ਸਿੰਘ, ਭਾਈ ਗੁਰਦੀਪ ਸਿੰਘ ਮੂਮ ਤੋਂ ਇਲਾਵਾ ਹੋਰ ਕਈ ਪੰਥ ਪ੍ਰਸਿੱਧ ਸ਼ਖ਼ਸੀਅਤਾਂ ਹਾਜ਼ਰ ਸਨ। ਵਰਣਨਯੋਗ ਹੈ ਕਿ ਇਨ੍ਹਾਂ ਸਮਾਗਮਾਂ ਦੌਰਾਨ ਹਰ ਰੋਜ਼ ਸ਼ਾਮ 7 ਵਜੇ ਤੋਂ ਰਾਤ 10 ਵਜੇ ਤੱਕ ਵਿਸ਼ਾਲ ਗੁਰਮਤਿ ਸਮਾਗਮ ਸਜਾਏ ਜਾਣਗੇ, ਜਿਸ ਵਿੱਚ ਸਿੰਘ ਸਾਹਿਬਾਨ, ਸੰਤ ਮਹਾਪੁਰਸ਼ ਅਤੇ ਹੋਰ ਪੰਥਕ ਸ਼ਖ਼ਸੀਅਤਾਂ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਪਰਮਾਤਮਾ ਨਾਲ ਜੋੜਨਗੀਆਂ।