ਸੰਤ ਰਤਨ ਦਾਸ ਤੇ ਸੰਤ ਹਰਚਰਨ ਦਾਸ ਦੀ ਯਾਦ ’ਚ ਸਮਾਗਮ ਕਰਵਾਇਆ ਸੰਤ ਰਤਨ ਦਾਸ ਅਤੇ ਸੰਤ ਹਰਚਰਨ ਦਾਸ ਦੀ ਯਾਦ ਵਿੱਚ ਸਲਾਨਾ ਸਮਾਗਮ ਕਰਵਾਇਆ
Publish Date: Tue, 06 Oct 2026 04:10 PM (IST)
Updated Date: Tue, 06 Oct 2026 04:11 PM (IST)
ਨਿਰਮਲ ਮੁੱਗੋਵਾਲ, ਪੰਜਾਬੀ ਜਾਗਰਣ ਸੈਲਾ ਖੁਰਦ : ਧੰਨ ਧੰਨ 108 ਸੰਤ ਰਤਨ ਦਾਸ ਅਤੇ ਸੰਤ ਹਰਚਰਨ ਦਾਸ ਦੀ ਨਿੱਘੀ ਯਾਦ ਵਿੱਚ 10ਵੇਂ ਸ਼ਰਾਧ ਦਾ ਸਾਲਾਨਾ ਜੋੜ ਮੇਲਾ ਅਤੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੋਤੀ ਜੋਤ ਦਿਵਸ ਨੂੰ ਸਮਰਪਿਤ ਧਾਰਮਿਕ ਸਮਾਗਮ ਡੇਰਾ ਰਤਨਪੁਰੀ ਪਿੰਡ ਪੈਂਸਰਾ ਨੇੜੇ ਸੈਲਾ ਖੁਰਦ ਵਿਖੇ ਡੇਰੇ ਦੀ ਸਰਪ੍ਰਸਤ ਸੰਤ ਬੀਬੀ ਮੀਨਾ ਦੇਵੀ ਅਤੇ ਗੱਦੀ ਨਸ਼ੀਨ ਸੰਤ ਬਾਬਾ ਅਮਨਦੀਪ ਦੀ ਯੋਗ ਅਗਵਾਈ ਹੇਠ ਹੋਇਆ। ਸਭ ਤੋਂ ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਇਸ ਤੋਂ ਬਾਅਦ ਭਾਈ ਸੁਖਵਿੰਦਰ ਸਿੰਘ ਨਾਗਰਾ ਦੇ ਢਾਡੀ ਜਥੇ, ਭਾਈ ਜਰਨੈਲ ਸਿੰਘ ਲਲਵਾਨ ਦੇ ਰਾਗੀ ਜਥੇ, ਗਾਇਕ ਬੂਟਾ ਮੁਹੰਮਦ, ਰਾਜੂ ਗੜਸ਼ੰਕਰ ਅਤੇ ਬਿੱਲਾ ਸਿੰਬਲੀ ਵੱਲੋਂ ਧਾਰਮਿਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਸੰਤ ਕੁਲਵੰਤ ਰਾਮ ਭਰੋਮਜਾਰਾ ਅਤੇ ਸੰਤ ਦਿਨੇਸ਼ ਗਿਰੀ ਹੁਸ਼ਿਆਰਪੁਰ ਵਾਲਿਆਂ ਨੇ ਧਾਰਮਿਕ ਪ੍ਰਵਚਨ ਕਰਦਿਆਂ ਸੰਗਤਾਂ ਨੂੰ ਸੰਤ ਰਤਨ ਦਾਸ ਮਹਾਰਾਜ ਜੀ ਅਤੇ ਸੰਤ ਹਰਚਰਨ ਦਾਸ ਮਹਾਰਾਜ ਜੀ ਦੇ ਪਰਉਪਕਾਰੀ ਕਾਰਜਾਂ ਤੋਂ ਜਾਣੂ ਕਰਵਾਇਆ। ਬੀਬੀ ਮੀਨਾ ਦੇਵੀ ਨੇ ਧਾਰਮਿਕ ਸ਼ਬਦ ਸੁਣਾ ਕੇ ਸੰਗਤਾਂ ਨੂੰ ਸੇਵਾ ਸਿਮਰਨ ਤੇ ਪਰਉਪਕਾਰੀ ਜ਼ਿੰਦਗੀ ਜਿਊਣ ਦਾ ਸੰਦੇਸ਼ ਦਿੱਤਾ। ਇਸ ਮੌਕੇ ਸਟੇਜ ਸੈਕਟਰੀ ਚੰਨਣ ਰਾਮ ਨੇ ਦੱਸਿਆ ਕਿ ਡੇਰਾ ਰਤਨਪੁਰੀ ਜੇਜੋ ਦੁਆਬਾ ਵਿਖੇ ਇਸ ਵਾਰ 14 ਜਨਵਰੀ 2027 ਨੂੰ ਅੱਖਾਂ ਦਾ ਮੁਫ਼ਤ ਆਪ੍ਰੇਸ਼ਨ ਕੈਂਪ ਲੱਗ ਰਿਹਾ ਹੈ। ਸੰਗਤਾਂ ਇਸ ਕੈਂਪ ਦਾ ਲਾਹਾ ਉਠਾਉਣ। ਇਸ ਮੌਕੇ ਸੇਵਾਦਾਰ ਸੰਦੀਪ ਚੰਦੇਲੀ, ਰਜੇਸ਼ ਕੁਮਾਰ ਸਮੇਤ ਡੇਰਾ ਰਤਨਪੁਰੀ ਦੀਆਂ ਸ਼ਰਧਾਲੂ ਸੰਗਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ।