5.9 ਕਰੋੜ ਦੇ ਵਿਕਾਸ ਕਾਰਜ ਰਾਮਪੁਰ ਦੇ ਬੁਨਿਆਦੀ ਢਾਂਚੇ ਨੂੰ ਦੇਣਗੇ ਮਜ਼ਬੂਤੀ : ਡਾ. ਇਸ਼ਾਂਕ ਕੁਮਾਰ 5.9 ਕਰੋੜ ਦੇ ਵਿਕਾਸ ਕਾਰਜ ਰਾਮਪੁਰ ਦੇ ਬੁਨਿਆਦੀ ਢਾਂਚੇ ਨੂੰ ਦੇਣਗੇ ਮਜ਼ਬੂਤੀ: ਡਾ. ਇਸ਼ਾਂਕ ਕੁਮਾਰ
Publish Date: Sun, 04 Oct 2026 04:36 PM (IST)
Updated Date: Sun, 04 Oct 2026 04:38 PM (IST)
ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ ਹੁਸ਼ਿਆਰਪੁਰ : ‘ਮੇਰਾ ਉਦੇਸ਼ ਹੈ ਕਿ ਮੇਰੇ ਹਲਕੇ ਦੇ ਸਾਰੇ ਪਿੰਡਾਂ ਦੇ ਬੁਨਿਆਦੀ ਢਾਂਚੇ ਨੂੰ ਲੋੜ ਅਨੁਸਾਰ ਮਜ਼ਬੂਤ ਕੀਤਾ ਜਾਵੇ ਅਤੇ ਲੋਕਾਂ ਨੂੰ ਉਨ੍ਹਾਂ ਦੇ ਆਪਣੇ ਪਿੰਡਾਂ ਵਿੱਚ ਹੀ ਬਿਹਤਰ ਜਨਤਕ ਸਹੂਲਤਾਂ ਮਿਲ ਸਕਣ।’ ਇਹ ਵਿਚਾਰ ਹਲਕਾ ਚੱਬੇਵਾਲ ਦੇ ਵਿਧਾਇਕ ਡਾ. ਇਸ਼ਾਂਕ ਕੁਮਾਰ ਨੇ ਰਾਮਪੁਰ ਵਿਖੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਜ਼ਾਹਿਰ ਕੀਤੇ। ਉਨ੍ਹਾਂ ਦੱਸਿਆ ਕਿ ਰਾਮਪੁਰ ਦੇ ਰਿਹਾਇਸ਼ੀ ਖੇਤਰ ਤੋਂ ਚੋਅ ਵੱਲ ਜਾਂਦੀ 22 ਫੁੱਟ ਲੰਮੀ ਸੜਕ ਦਾ ਨਿਰਮਾਣ ₹7 ਲੱਖ ਦੀ ਲਾਗਤ ਨਾਲ ਕੀਤਾ ਜਾ ਰਿਹਾ ਹੈ। ਰਾਮਪੁਰ ਵਿੱਚ ਕਰੀਬ ₹5.9 ਕਰੋੜ ਦੇ ਵਿਕਾਸ ਕਾਰਜ ਸ਼ੁਰੂ ਕੀਤੇ ਗਏ ਹਨ। ਪਿੰਡ ਵਾਸੀਆਂ ਨੇ ਰਾਮਪੁਰ ਤੋਂ ਫਤਿਹਪੁਰ, ਕਾਂਗੜ ਕੋਠੀ ਅਤੇ ਗੰਗੋਵਾਲ ਨੂੰ ਜਾਂਦੀ ਮਹਿਲਪੁਰ–ਜੈਜੋਂ ਸੜਕ ਦੀ ਚੌੜਾਈ 3.05 ਮੀਟਰ ਤੋਂ ਵਧਾ ਕੇ 5.50 ਮੀਟਰ ਕਰਨ ਲਈ ਡਾ. ਇਸ਼ਾਂਕ ਕੁਮਾਰ ਦਾ ਧੰਨਵਾਦ ਕੀਤਾ। ਇਸ ਮੌਕੇ ਵਿਧਾਇਕ ਨੇ ਦੱਸਿਆ ਕਿ ਇਸ ਸੜਕ ਨੂੰ ਚੌੜਾ ਕਰਨ ਦਾ ਕੰਮ ₹422.87 ਲੱਖ ਦੀ ਲਾਗਤ ਨਾਲ ਮੁਕੰਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਰਾਮਪੁਰ ਕੋਠੀ ਤੋਂ ਮਹਿਮਦੋਵਾਲ ਤੱਕ 1.40 ਕਿਲੋਮੀਟਰ ਸੜਕ ਦਾ ਨਿਰਮਾਣ ₹4.70 ਲੱਖ ਦੀ ਲਾਗਤ ਨਾਲ ਕੀਤਾ ਜਾਣਾ ਹੈ, ਜਿਸ ਦਾ ਕੰਮ ਜਲਦੀ ਸ਼ੁਰੂ ਹੋਵੇਗਾ। ਰਾਮਪੁਰ ਵਿੱਚ ₹55 ਲੱਖ ਦੀ ਲਾਗਤ ਨਾਲ ਹੈਲਥ ਐਂਡ ਵੈੱਲਨੈੱਸ ਸੈਂਟਰ ਵੀ ਜਲਦ ਹੀ ਬਣਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਪਿੰਡ ਵਿੱਚ ₹65 ਲੱਖ ਦੀ ਲਾਗਤ ਨਾਲ ਸਿੰਚਾਈ ਟਿਊਬਵੈੱਲ ਪਹਿਲਾਂ ਹੀ ਸਥਾਪਿਤ ਕੀਤਾ ਜਾ ਚੁੱਕਾ ਹੈ। ਧਰਮਸ਼ਾਲਾ/ਕਮਿਊਨਿਟੀ ਸੈਂਟਰ ਲਈ ₹3 ਲੱਖ ਖਰਚ ਕੀਤੇ ਜਾ ਚੁੱਕੇ ਹਨ। ਇਸੇ ਤਰ੍ਹਾਂ 20 ਸਟਰੀਟ ਲਾਈਟਾਂ ’ਤੇ ₹2.94 ਲੱਖ ਅਤੇ ਜਿਮ ਰੂਮ ’ਤੇ ₹5 ਲੱਖ ਦੀ ਲਾਗਤ ਨਾਲ ਕੰਮ ਮੁਕੰਮਲ ਕੀਤਾ ਜਾ ਚੁੱਕਾ ਹੈ। ਡਰੇਨਾਂ ਲਈ ₹11 ਲੱਖ ਦੀ ਰਾਸ਼ੀ ਰੱਖੀ ਗਈ ਹੈ, ਜਦਕਿ ਪਿੰਡ ਵਿੱਚ ਹੜ੍ਹਾਂ ਨਾਲ ਪ੍ਰਭਾਵਿਤ ਖੇਤਰਾਂ ਲਈ ₹2 ਲੱਖ ਦੀ ਰਾਸ਼ੀ ਅਲਾਟ ਕੀਤੀ ਗਈ ਹੈ। ਇਸ ਤੋਂ ਇਲਾਵਾ ਖੇਡ ਮੈਦਾਨ ਦੀ ਉਸਾਰੀ ਲਈ ₹5 ਲੱਖ ਦਾ ਐਲਾਨ ਕੀਤਾ ਗਿਆ ਹੈ, ਜਿਸ ਦੀ ਰਾਸ਼ੀ ਜਲਦੀ ਜਾਰੀ ਹੋਣ ਦੀ ਉਮੀਦ ਹੈ।