- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਟਾਂਡਾ ਅਨਾਜ ਮੰਡੀ ਚ ਗੰਦੇ ਪਾਣੀ ਤੇ ਕੂੜੇ ਦੇ ਢੇਰਾਂ ਕਾਰਨ ਕਿਸਾਨ ਤੇ ਆੜ੍ਹਤੀ ਪਰੇਸ਼ਾਨ

ਸੁਰਿੰਦਰ ਢਿੱਲੋਂ, ਪੰਜਾਬੀ ਜਾਗਰਣ
ਟਾਂਡਾ ਉੜਮੁੜ : ਟਾਂਡਾ ਦੀ ਅਨਾਜ ਮੰਡੀ ਵਿੱਚ ਸੀਵਰੇਜ ਦਾ ਗੰਦਾ ਪਾਣੀ ਮੰਡੀ ਵਿੱਚ ਖੜ੍ਹਾ ਹੋਣ ਕਰ ਕੇ ਜਿੱਥੇ ਸੜਕ ਤੋਂ ਦੁਕਾਨਦਾਰਾਂ ਦਾ ਲੰਘਣਾ ਮੁਸ਼ਕਿਲ ਹੋਇਆ ਪਿਆ ਹੈ ਤੇ ਇਸ ਗੰਦੇ ਪਾਣੀ ਕਰ ਕੇ ਮੰਡੀ ਵਿੱਚ ਕਿਸਾਨਾਂ ਵੱਲੋਂ ਝੋਨਾ ਲਿਆਉਣਾ ਮੁਸ਼ਕਿਲ ਹੋਇਆ ਪਿਆ ਹੈ ਉੱਥੇ ਮੰਡੀ ਵਿੱਚ ਥਾਂ-ਥਾਂ ਲੱਗੇ ਗੰਦਗੀ ਦੇ ਢੇਰ ਅਤੇ ਕੂੜੇ ਦੇ ਅੰਬਾਰ ਮੰਡੀ ਦੀ ਸਫ਼ਾਈ ਵਿਵਸਥਾ ’ਤੇ ਮਾਰਕੀਟ ਕਮੇਟੀ ਦੇ ਪ੍ਰਸ਼ਾਸਨਿਕ ਪ੍ਰਬੰਧਾਂ ਦੀ ਪੋਲ ਖੋਲ੍ਹ ਰਹੇ ਹਨ। ਮੰਡੀ ਵਿੱਚ ਖੜ੍ਹੇ ਗੰਦੇ ਪਾਣੀ ਕਾਰਨ ਮੰਡੀ ਵਿੱਚ ਪਈ ਝੋਨੇ ਦੀ ਫ਼ਸਲ ਨੂੰ ਨੁਕਸਾਨ ਹੋਣ ਦਾ ਖ਼ਦਸ਼ਾ ਬਣਿਆ ਹੋਇਆ ਹੈ, ਜਦਕਿ ਕਿਸਾਨਾਂ, ਆੜ੍ਹਤੀਆਂ ਅਤੇ ਮੰਡੀ ਵਿੱਚ ਆਉਣ ਵਾਲੇ ਲੋਕਾਂ ਨੂੰ ਵੀ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਤ ਇਸ ਕਦਰ ਖ਼ਰਾਬ ਹਨ ਕਿ ਆੜ੍ਹਤ ਦੀਆਂ ਦੁਕਾਨਾਂ ਤੱਕ ਜਾਣ ਲਈ ਲੋਕਾਂ ਨੂੰ ਗੰਦੇ ਪਾਣੀ ਵਿੱਚੋਂ ਲੰਘਣਾ ਪੈ ਰਿਹਾ ਹੈ। ਕਈ ਥਾਵਾਂ ’ਤੇ ਪਾਣੀ ਇੰਨਾ ਜ਼ਿਆਦਾ ਖੜ੍ਹਾ ਹੈ ਕਿ ਪੈਦਲ ਲੰਘਣਾ ਵੀ ਮੁਸ਼ਕਿਲ ਹੋ ਗਿਆ ਹੈ, ਜਿਸ ਕਾਰਨ ਖਾਸ ਕਰ ਕੇ ਬਜ਼ੁਰਗ ਕਿਸਾਨਾਂ ਅਤੇ ਮੰਡੀ ਵਿੱਚ ਆਉਣ-ਜਾਣ ਵਾਲੇ ਲੋਕਾਂ ਨੂੰ ਵਧੇਰੇ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਮੌਕੇ ਗੱਲਬਾਤ ਕਰਦਿਆਂ ਦਾਣਾ ਮੰਡੀ ਟਾਂਡਾ ਦੇ ਪ੍ਰਧਾਨ ਅਵਤਾਰ ਸਿੰਘ ਸੈਣੀ, ਸੁਖਵਿੰਦਰ ਸਿੰਘ ਰਾਜਾ, ਸ਼ੇਰੂ ਪੁਰੀ, ਬੱਬੂ ਪੁਰੀ, ਓਮਾ ਪੁਰੀ, ਜਤਿੰਦਰ ਅਗਰਵਾਲ, ਕਰਤਾਰ ਚਾਹਲ, ਸੁਖਵਿੰਦਰ ਬੀਰਾ, ਬੋਬੀ ਬਹਿਲ, ਕਿਸਾਨ ਪ੍ਰੀਤਮ ਸਿੰਘ, ਹਰਦੀਪ ਸਿੰਘ ਅਤੇ ਅਵਤਾਰ ਸਿੰਘ ਸਮੇਤ ਹੋਰ ਕਿਸਾਨਾਂ ਤੇ ਆੜ੍ਹਤੀਆਂ ਨੇ ਦੱਸਿਆ ਕਿ ਮੰਡੀ ਵਿੱਚ ਸੀਵਰੇਜ ਬਲਾਕ ਹੋਣ ਦੀ ਸਮੱਸਿਆ ਸੀਵਰੇਜ ਪੈਣ ਤੋਂ ਬਾਅਦ ਤੋਂ ਹੀ ਬਣੀ ਹੋਈ ਹੈ। ਮਾਰਕੀਟ ਕਮੇਟੀ ਪ੍ਰਬੰਧਕਾਂ ਨੂੰ ਵਾਰ-ਵਾਰ ਕਹਿਣ ਦੇ ਬਾਵਜੂਦ ਵੀ ਵਿਭਾਗ ਵੱਲੋਂ ਇਸ ਸਮੱਸਿਆ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮੰਡੀ ਵਿੱਚ ਸੀਵਰੇਜ ਦੀ ਨਿਯਮਿਤ ਸਫ਼ਾਈ, ਗੰਦਗੀ ਦੇ ਢੇਰਾਂ ਦੀ ਸਫ਼ਾਈ ਅਤੇ ਪਾਣੀ ਦੀ ਨਿਕਾਸੀ ਲਈ ਪੱਕਾ ਪ੍ਰਬੰਧ ਕੀਤਾ ਜਾਵੇ।
- ਸਫ਼ਾਈ ਸਬੰਧੀ ਜਲਦੀ ਕਾਰਵਾਈ ਕੀਤੀ ਜਾਵੇਗੀ : ਮੰਡੀ ਬੋਰਡ ਦੇ ਸੈਕਟਰੀ
ਇਸ ਸਬੰਧੀ ਜਦੋਂ ਮੰਡੀ ਬੋਰਡ ਦੇ ਸੈਕਟਰੀ ਹਰਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸੀਵਰੇਜ ਦੀ ਸਮੱਸਿਆ ਸਬੰਧੀ ਐੱਸਡੀਓ ਅਤੇ ਸਬੰਧਿਤ ਠੇਕੇਦਾਰ ਨੂੰ ਲਿਖਤੀ ਤੌਰ ’ਤੇ ਸੂਚਿਤ ਕੀਤਾ ਗਿਆ ਹੈ। ਉਨ੍ਹਾਂ ਨੂੰ ਜਲਦੀ ਸਮੱਸਿਆ ਦਾ ਹੱਲ ਕਰਨ ਲਈ ਕਿਹਾ ਗਿਆ ਹੈ। ਸਫ਼ਾਈ ਸਬੰਧੀ ਵੀ ਜਲਦੀ ਕਾਰਵਾਈ ਕਰਵਾਉਣ ਦਾ ਭਰੋਸਾ ਦਿੱਤਾ ਹੈ।
- ਮੰਡੀ ਦੀ ਸਫ਼ਾਈ ਸਬੰਧੀ ਵੀ ਜਲਦੀ ਕਾਰਵਾਈ ਕੀਤੀ ਜਾਵੇਗੀ : ਨਵਨੀਤ
ਇਸ ਸਬੰਧੀ ਜਦੋਂ ਮੰਡੀ ਬੋਰਡ ਦੇ ਸੁਪਰਵਾਈਜ਼ਰ ਨਵਨੀਤ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਸੀਵਰੇਜ ਬਲਾਕ ਹੋਣ ਦੀ ਸਮੱਸਿਆ ਪਹਿਲਾਂ ਵੀ ਸਾਹਮਣੇ ਆਉਂਦੀ ਰਹੀ ਹੈ। ਸ਼ੁੱਕਰਵਾਰ ਨੂੰ ਐੱਸਡੀਓ ਵੱਲੋਂ ਪਾਣੀ ਕੱਢਣ ਲਈ ਮਸ਼ੀਨ ਭੇਜੀ ਗਈ ਸੀ, ਪਰ ਉਸ ਦੀ ਮੋਟਰ ਪਾਣੀ ਨਹੀਂ ਚੁੱਕ ਸਕੀ। ਹੁਣ ਵੱਡੀ ਮੋਟਰ ਭੇਜਣ ਦੀ ਵਿਵਸਥਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੰਡੀ ਦੀ ਸਫ਼ਾਈ ਸਬੰਧੀ ਵੀ ਜਲਦ ਕਾਰਵਾਈ ਕੀਤੀ ਜਾਵੇਗੀ।
ਖੜ੍ਹੇ ਗੰਦੇ ਪਾਣੀ ਦਾ ਹੱਲ ਕਰ ਦਿੱਤਾ ਜਾਵੇਗਾ : ਮੰਡੀ ਬੋਰਡ ਦੇ ਐੱਸਡੀਓ
ਇਸ ਸਬੰਧੀ ਜਦੋਂ ਮੰਡੀ ਬੋਰਡ ਦੇ ਐੱਸਡੀਓ ਅਮਰੀਕ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਮੰਡੀ ਵਿੱਚੋਂ ਪਾਣੀ ਕੱਢਣ ਲਈ ਪਹਿਲਾਂ ਵੀ ਮੋਟਰ ਭੇਜੀ ਗਈ ਸੀ, ਪਰ ਮੋਟਰ ਨਹੀਂ ਚੱਲ ਸਕੀ। ਹੁਣ ਦੁਬਾਰਾ ਨਵੀਂ ਮੋਟਰ ਭੇਜੀ ਗਈ ਹੈ ਅਤੇ ਉਮੀਦ ਹੈ ਕਿ ਸ਼ਨਿਚਰਵਾਰ ਸ਼ਾਮ ਤੱਕ ਪਾਣੀ ਦੀ ਨਿਕਾਸੀ ਸਹੀ ਕਰ ਕੇ ਖ਼ੜ੍ਹੇ ਗੰਦੇ ਪਾਣੀ ਦਾ ਹੱਲ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਟਾਂਡਾ ਮੰਡੀ ਵਿੱਚ ਜਨਰੇਟਰ ਦੀ ਵਿਵਸਥਾ ਨਹੀਂ ਹੈ। ਬਿਜਲੀ ਚਲੀ ਜਾਣ ਕਾਰਨ ਪਾਣੀ ਕੱਢਣ ਦਾ ਕੰਮ ਪ੍ਰਭਾਵਿਤ ਹੁੰਦਾ ਹੈ। ਇਸ ਸਬੰਧੀ ਮਾਰਕੀਟ ਕਮੇਟੀ ਨੂੰ ਜਨਰੇਟਰ ਦਾ ਪ੍ਰਬੰਧ ਕਰਨ ਲਈ ਕਿਹਾ ਜਾਵੇਗਾ ਤਾਂ ਜੋ ਭਵਿੱਖ ਵਿੱਚ ਅਜਿਹੀ ਸਮੱਸਿਆ ਨਾ ਆਵੇ।