- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹੰਸ ਰਾਜ ਆਰੀਆ ਹਾਈ ਸਕੂਲ ਵਿੱਚ ਸ਼ਰਾਰਤੀ ਅਨਸਰਾਂ ਵੱਲੋਂ ਭੰਨਤੋੜ, ਲੱਖਾਂ ਰੁਪਏ ਦਾ ਨੁਕਸਾਨ

ਦਲਵਿੰਦਰ ਸਿੰਘ ਮਨੋਚਾ, ਪੰਜਾਬੀ ਜਾਗਰਣ
ਗੜਸ਼ੰਕਰ : ਹੰਸ ਰਾਜ ਆਰੀਆ ਹਾਈ ਸਕੂਲ ਗੜਸ਼ੰਕਰ ਵਿੱਚ ਸ਼ਰਾਰਤੀ ਅਨਸਰਾਂ ਵੱਲੋਂ ਸਕੂਲ ਵਿੱਚ ਦਾਖਲ ਹੋ ਕੇ ਵੱਡੇ ਪੱਧਰ ਤੇ ਭੰਨਤੋੜ ਕੀਤੀ ਗਈ। ਇਸ ਘਟਨਾ ਵਿੱਚ ਸ਼ਰਾਰਤੀ ਅਨਸਰਾਂ ਨੇ ਸਕੂਲ ਵਿੱਚ ਪਏ ਸਾਰੇ ਕੰਪਿਊਟਰ, ਪੱਖੇ, ਪ੍ਰੋਜੈਕਟਰ, ਬਿਜਲੀ ਦੇ ਸਵਿੱਚ, ਟੋਇਲਟ ਸੀਟ ਅਤੇ ਹੋਰ ਸਾਮਾਨ ਨੂੰ ਵੱਡੇ ਪੱਧਰ ’ਤੇ ਨੁਕਸਾਨ ਪਹੁੰਚਾਇਆ। ਇੱਥੋਂ ਤੱਕ ਕਿ ਸ਼ਰਾਰਤੀ ਅਨਸਰਾਂ ਨੇ ਸਕੂਲ ਦਫ਼ਤਰ ਵਿੱਚ ਟੇਬਲ ’ਤੇ ਪਿਆ ਸ਼ੀਸ਼ਾ ਵੀ ਚੂਰ-ਚੂਰ ਕਰ ਦਿੱਤਾ ਤੇ ਪ੍ਰਿੰਟਰ ਵੀ ਬੁਰੀ ਤਰ੍ਹਾਂ ਤੋੜ ਦਿੱਤਾ। ਇਸ ਤੋਂ ਇਲਾਵਾ ਸਕੂਲ ਵਿੱਚ ਅਧਿਆਪਕਾਂ ਦੇ ਬੈਠਣ ਵਾਲੀਆਂ ਕੁਰਸੀਆਂ ਅਤੇ ਫਰਨੀਚਰ ਦੀ ਵੀ ਭੰਨਤੋੜ ਕਰ ਦਿੱਤੀ। ਇੱਕ ਕਮਰੇ ਤੋਂ ਦੂਜੇ ਕਮਰੇ ਵਿਚਲੀ ਕੰਧ ਨੂੰ ਵੀ ਸ਼ਰਾਰਤੀ ਅਨਸਰਾਂ ਨੇ ਤੋੜ ਦਿੱਤਾ। ਇਸ ਘਟਨਾ ਵਿੱਚ ਲੱਖਾਂ ਰੁਪਏ ਦਾ ਨੁਕਸਾਨ ਹੋਣ ਕਾਰਨ ਸਕੂਲ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਖੜ੍ਹੇ ਹੋ ਰਹੇ ਹਨ। ਸਕੂਲ ਵਿੱਚ ਸੀਸੀਟੀਵੀ ਕੈਮਰੇ ਵੀ ਨਹੀਂ ਲਗਾਏ ਗਏ ਹਨ।
- ਕਰੀਬ 5 ਲੱਖ ਰੁਪਏ ਦਾ ਹੋਇਆ ਨੁਕਸਾਨ : ਮੁੱਖ ਅਧਿਆਪਕਾ
ਸਕੂਲ ਦੀ ਮੁੱਖ ਅਧਿਆਪਕਾ ਸੀਮਾ ਵਾਲੀਆ ਨੇ ਦੱਸਿਆ ਕਿ 3 ਅਕਤੂਬਰ ਨੂੰ ਸਵੇਰੇ 8.15 ਵਜੇ ਉਨ੍ਹਾਂ ਜਦੋਂ ਸਕੂਲ ਖੋਲਿ੍ਹਆ ਤਾਂ ਕਲਰਕ ਦਫ਼ਤਰ ਵਿੱਚ ਭੰਨਤੋੜ ਕੀਤੀ ਗਈ ਸੀ। ਫਿਰ ਉਨ੍ਹਾਂ ਜਦੋਂ ਸਾਰੇ ਸਕੂਲ ਵਿੱਚ ਘੁੰਮ ਕੇ ਵੇਖਿਆ ਤਾਂ ਵੱਖ-ਵੱਖ ਕਮਰਿਆਂ ਵਿੱਚ ਸਾਰਾ ਸਾਮਾਨ ਤੋੜਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਪੱਕੇ ਤੌਰ ’ਤੇ ਤਾਂ ਉਹ ਨਹੀਂ ਕਹਿ ਸਕਦੇ ਪਰ ਫਿਰ ਵੀ ਇਸ ਘਟਨਾ ਵਿੱਚ ਸਕੂਲ ਦਾ ਘੱਟੋ ਘੱਟ 5 ਲੱਖ ਰੁਪਏ ਤੱਕ ਦਾ ਨੁਕਸਾਨ ਹੋ ਗਿਆ ਹੈ।
- ਭੇਤੀ ਵਿਅਕਤੀ ਦਾ ਹੈ ਕੰਮ : ਏਐੱਸਆਈ ਰਾਜ ਕੁਮਾਰ
ਮੌਕਾ ਦੇਖਣ ਆਏ ਡਿਊਟੀ ਅਫਸਰ ਏਐੱਸਆਈ ਰਾਜ ਕੁਮਾਰ ਨੇ ਦੱਸਿਆ ਕਿ ਇਹ ਕੋਈ ਚੋਰੀ ਦਾ ਮਾਮਲਾ ਨਹੀਂ ਜਾਪਦਾ ਸਗੋਂ, ਸਿਰਫ ਸਕੂਲ ਦੀ ਜਾਇਦਾਦ ਦਾ ਨੁਕਸਾਨ ਕਰਨ ਦੀ ਮਨਸ਼ਾ ਨਾਲ ਕੀਤਾ ਗਿਆ ਕਾਰਾ ਹੈ। ਉਨ੍ਹਾਂ ਕਿਹਾ ਕਿ ਘਟਨਾ ਤੋਂ ਲੱਗਦਾ ਹੈ ਕਿ ਇਹ ਕਿਸੇ ਭੇਤੀ ਵਿਅਕਤੀ ਦਾ ਹੀ ਕੰਮ ਹੈ।