ਹਰਿਆਣਾ ਥਾਣਾ ਦਾ ਘਿਰਾਓ ਕਰ ਕੇ ਵਿਧਾਇਕ ਤੇ ਮੁੱਖ ਮੰਤਰੀ ਦਾ ਫੂਕਿਆ ਪੁਤਲਾ ਹਰਿਆਣਾ ਥਾਣਾ ਦਾ ਘਿਰਾਓ ਕਰਕੇ ਵਿਧਾਇਕ ਡਾ. ਰਵਜੋਤ ਅਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਫੂਕਿਆ ਪੁਤਲਾ
Publish Date: Sat, 03 Oct 2026 04:41 PM (IST)
Updated Date: Sat, 03 Oct 2026 04:43 PM (IST)
ਕਮਲ, ਪੰਜਾਬੀ ਜਾਗਰਣ ਹਰਿਆਣਾ : ਕੱਲ੍ਹ ਥਾਣਾ ਹਰਿਆਣਾ ਦੇ ਸਾਹਮਣੇ ਸ੍ਰੀ ਗੁਰੂ ਰਵਿਦਾਸ ਨੌਜਵਾਨ ਸਭਾ ਪੰਡੋਰੀ ਸੁਮਲਾ ਅਤੇ ਬਹੁਜਨ ਸਮਾਜ ਪਾਰਟੀ ਦੇ ਆਗੂਆਂ ਵੱਲੋਂ ਸਾਂਝੇ ਤੌਰ ’ਤੇ ਪੁਲਿਸ ਪ੍ਰਸ਼ਾਸਨ ਅਤੇ ਹਲਕਾ ਸ਼ਾਮ ਚੁਰਾਸੀ ਦੇ ਵਿਧਾਇਕ ਡਾ. ਰਵਜੋਤ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਤੇ ਹੁਸ਼ਿਆਰਪੁਰ ਦਸੂਹਾ ਮੁੱਖ ਸੜਕ ’ਤੇ ਥਾਣਾ ਹਰਿਆਣਾ ਸਾਹਮਣੇ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਮੌਕੇ ’ਤੇ ਇਕੱਤਰ ਕੀਤੀ ਜਾਣਕਾਰੀ ਮੁਤਾਬਿਕ ਪਿੰਡ ਪੰਡੋਰੀ ਸੁਮਲਾ ਵਿਖੇ ਕੁਝ ਨੌਜਵਾਨਾਂ ਵੱਲੋਂ ਬੀਤੇ ਦਿਨੀਂ ਸਫ਼ਾਈ ਮੁਹਿੰਮ ਚਲਾਈ ਗਈ ਸੀ, ਜਿਸ ਦੌਰਾਨ ਪਿੰਡ ਦੇ ਬੈਂਕ ਸਾਹਮਣੇ ਬਣੇ ਨਾਲੇ ’ਤੇ ਸਲੈਬਾਂ ਰੱਖਣ ਦੀ ਜ਼ਰੂਰਤ ਸੀ ਤਾਂ ਜੋ ਲੋਕਾਂ ਨੂੰ ਸੁਵਿਧਾ ਹੋ ਸਕੇ ਜਿਸ ਕਰ ਕੇ ਉਨ੍ਹਾਂ ਵੱਲੋਂ ਕਿਸੇ ਦੂਜੀ ਜਗ੍ਹਾ ’ਤੇ ਪਈਆਂ ਵਾਧੂ ਸਲੈਬਾਂ ਚੁੱਕ ਕੇ ਉੱਥੇ ਰੱਖੀਆਂ ਗਈਆਂ ਸਨ। ਇਸ ਸਬੰਧੀ ਪਿੰਡ ਵਾਸੀਆਂ ਹਰਦੀਪ ਸਿੰਘ ਅਤੇ ਸੁਖਵਿੰਦਰ ਸਿੰਘ ਖ਼ਿਲਾਫ਼ ਚੋਰੀ ਦਾ ਮਾਮਲਾ ਦਰਜ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਨੇ ਹਲਕਾ ਸ਼ਾਮ ਚੁਰਾਸੀ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਦੇ ਦਬਾਅ ਹੇਠ ਆ ਕੇ ਉਕਤ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਪ੍ਰਦਰਸ਼ਨਕਾਰੀਆਂ ਜ਼ਿਲ੍ਹਾ ਪ੍ਰਧਾਨ ਦਿਲਜੀਤ ਰਾਏ, ਬਸਪਾ ਸੂਬਾ ਸਕੱਤਰ ਮਨਿੰਦਰ ਸਿੰਘ ਸ਼ੇਰਪੁਰੀ, ਵਰਿੰਦਰ ਵਿੱਕੀ ਹਲਕਾ ਪ੍ਰਧਾਨ, ਨਿਸ਼ਾਨ ਚੌਧਰੀ ਹਲਕਾ ਇੰਚਾਰਜ, ਗੁਰਦੇਵ ਬਿੱਟੂ ਜ਼ਿਲ੍ਹਾ ਕਨਵੀਨਰ ਸਮੇਤ ਭਾਰੀ ਗਿਣਤੀ ’ਚ ਇਕੱਤਰ ਲੋਕਾਂ ਨੇ ਪੰਜਾਬ ਸਰਕਾਰ ਅਤੇ ਥਾਣਾ ਹਰਿਆਣਾ ਦੇ ਐੱਸਐੱਚਓ ਖ਼ਿਲਾਫ਼ ਮੁਰਦਾਬਾਦ ਦੇ ਨਾਅਰੇ ਲਗਾਏ। ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਪ੍ਰਸ਼ਾਸਨ ਉਪਰੋਕਤ ਚੋਰੀ ਦੇ ਮਾਮਲੇ ਨੂੰ ਰੱਦ ਨਹੀਂ ਕਰਦੀ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰ ਪ੍ਰਸ਼ਾਸਨ ਅਤੇ ਸਰਕਾਰ ਹੋਵੇਗੀ। ਪ੍ਰਦਰਸ਼ਨਕਾਰੀਆਂ ਵੱਲੋਂ ਰੋਡ ਜਾਮ ਕਰ ਕੇ ਕੀਤੀ ਨਾਅਰੇਬਾਜ਼ੀ ਅਤੇ ਰੋਸ਼ ਪ੍ਰਦਰਸ਼ਨ ਕਾਰਨ ਇਕ ਲੰਬੇ ਸਮੇਂ ਤੱਕ ਆਵਾਜਾਈ ਠੱਪ ਰਹੀ, ਜਿਸ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਸਬੰਧੀ ਜਦੋਂ ਐੱਸਐੱਚਓ ਹਰਿਆਣਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਪਰੋਕਤ ਮਾਮਲਾ ਜੋ ਕਿ ਪੁਲਿਸ ਵੱਲੋਂ ਦਰਜ ਕੀਤਾ ਗਿਆ ਹੈ, ਉਹ ਦੋਸ਼ੀਆਂ ਵੱਲੋਂ ਆਪਣਾ ਜੁਰਮ ਕਬੂਲ ਕਰਨ ’ਤੇ ਹੀ ਦਰਜ ਕੀਤਾ ਗਿਆ ਹੈ। ਕਿਸੇ ਦੇ ਪ੍ਰੈਸ਼ਰ ਵਿੱਚ ਇਹ ਮਾਮਲਾ ਦਰਜ ਨਹੀਂ ਕੀਤਾ ਗਿਆ। ਧਰਨੇ ’ਤੇ ਪਹੁੰਚੇ ਨਰਿੰਦਰ ਸਿੰਘ ਡੀਐੱਸਪੀ ਦਿਹਾਤੀ ਵੱਲੋਂ ਭਰੋਸਾ ਦਿਵਾਇਆ ਗਿਆ ਕਿ ਐੱਸਐੱਸਪੀ ਹੁਸ਼ਿਆਰਪੁਰ ਦੀ ਨਿਗਰਾਨੀ ਹੇਠ ਇੱਕ ਸਿੱਟ ਬਣਾ ਕੇ ਮੁਕੱਦਮੇ ਦੀ ਜਾਂਚ ਕਰ ਕੇ ਪਰਚਾ ਰੱਦ ਕੀਤਾ ਜਾਵੇਗਾ। ਪੁਲਿਸ ਵੱਲੋਂ ਭਰੋਸਾ ਦੇਣ ’ਤੇ ਧਰਨਾਕਾਰੀਆਂ ਵੱਲੋਂ ਸਾਢੇ ਤਿੰਨ ਘੰਟੇ ਬਾਅਦ ਧਰਨੇ ਨੂੰ ਚੁੱਕ ਲਿਆ ਗਿਆ।