- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐਫਸੀਆਈ ਦੀ ਸਟੋਰੇਜ ’ਤੇ ਕਿਰਾਏ ਦੀ ਅਦਾਇਗੀ ਸਬੰਧੀ ਮੰਤਰੀ ਕਟਾਰੂਚਕ ਅੱਗੇ ਰੱਖੇ ਮਸਲੇ

ਸੁਰਿੰਦਰ ਢਿੱਲੋਂ, ਪੰਜਾਬੀ ਜਾਗਰਣ, ਟਾਂਡਾ ਉੜਮੁੜ : ਝੋਨੇ ਦੀ ਖਰੀਦ ਸ਼ੁਰੂ ਹੋ ਚੁੱਕੀ ਹੈ ਪਰ ਰਾਈਸ ਮਿਲਰਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਸਬੰਧੀ ਜ਼ਿਲ੍ਹਾ ਰਾਈਸ ਮਿਲਰਜ਼ ਐਸੋਸੀਏਸ਼ਨ ਦੀ ਵਿਸ਼ੇਸ਼ ਮੀਟਿੰਗ ਸ਼ੁੱਕਰਵਾਰ ਨੂੰ ਮੋਤੀਆ ਰਾਈਸ ਮਿੱਲ, ਟਾਂਡਾ ਵਿਖੇ ਹੋਈ। ਜ਼ਿਲ੍ਹਾ ਪ੍ਰਧਾਨ ਸੰਜੀਵ ਨਈਅਰ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿੱਚ ਫੂਡ ਐਂਡ ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂਚਕ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਹਲਕਾ ਵਿਧਾਇਕ ਉੜਮੁੜ ਟਾਂਡਾ ਜਸਵੀਰ ਸਿੰਘ ਰਾਜਾ ਗਿੱਲ ਵੀ ਉਨਾਂ ਨਾਲ ਹਾਜ਼ਰ ਸਨ। ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਮਨਿੰਦਰਜੀਤ ਸਿੰਘ ਮਨੀ ਨੇ ਐਫਸੀਆਈ ਦੱਸਿਆ ਕਿ ਗੋਦਾਮਾਂ ਅਤੇ ਸਟੋਰੇਜ ਸਪੇਸ ਦੀ ਭਾਰੀ ਘਾਟ ਕਾਰਨ ਮਿਲਰਾਂ ਨੂੰ ਚੌਲਾਂ ਦੀ ਡਿਲਿਵਰੀ ਕਰਨ ਵਿੱਚ ਕਾਫ਼ੀ ਮੁਸ਼ਕਿਲ ਆ ਰਹੀ ਹੈ। ਇਸ ਤੋਂ ਇਲਾਵਾ ਦੂਰ-ਦੁਰਾਡੇ ਦੇ ਕੇਂਦਰਾਂ ’ਤੇ ਚੌਲ ਪਹੁੰਚਾਉਣ ਦੇ ਬਾਵਜੂਦ ਐਫਸੀਆਈ ਵੱਲੋਂ ਬਣਦਾ ਕਿਰਾਇਆ ਵੀ ਨਹੀਂ ਮਿਲ ਰਿਹਾ ਅਤੇ ਮਿਲਿੰਗ ਦਾ ਸਮਾਂ ਲੰਬਾ ਖਿੱਚਣ ਕਾਰਨ ਰਾਈਸ ਮਿਲਰਾਂ ਨੂੰ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ, ਜਦਕਿ ਕਈ ਵਾਰ ਐਫਸੀਆਈ ਪੱਧਰ ’ਤੇ ਆਉਣ ਵਾਲੀਆਂ ਰੁਕਾਵਟਾਂ ਕਾਰਨ ਮਿਲਿੰਗ ਦਾ ਕੰਮ ਵੀ ਪ੍ਰਭਾਵਿਤ ਹੁੰਦਾ ਹੈ। ਮਿਲਰਾਂ ਨੇ ਮੰਤਰੀ ਨੂੰ ਅਪੀਲ ਕੀਤੀ ਕਿ ਐਫਸੀਆਈ ਨਾਲ ਜੁੜੇ ਇਨ੍ਹਾਂ ਗੰਭੀਰ ਮਸਲਿਆਂ ਨੂੰ ਕੈਬਨਿਟ ਰਾਹੀਂ ਕੇਂਦਰ ਸਰਕਾਰ ਤੱਕ ਪਹੁੰਚਾਇਆ ਜਾਵੇ ਤਾਂ ਜੋ ਰਾਈਸ ਮਿਲਿੰਗ ਉਦਯੋਗ ਨੂੰ ਰਾਹਤ ਮਿਲ ਸਕੇ। ਇਸ ਮੌਕੇ ਮਿਲਰਾਂ ਦੀਆਂ ਸਮੱਸਿਆਵਾਂ ਸੁਣਨ ਤੋਂ ਬਾਅਦ ਮੰਤਰੀ ਲਾਲ ਚੰਦ ਕਟਾਰੂਚਕ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਮੁੱਖ ਮੰਤਰੀ ਰਾਹੀਂ ਕੇਂਦਰ ਸਰਕਾਰ ਦੇ ਸਾਹਮਣੇ ਐਫਸੀਆਈ ਨਾਲ ਸਬੰਧਤ ਮੁੱਦੇ ਉਠਾਏ ਜਾਣਗੇ ਅਤੇ ਮਿਲਰਾਂ ਦੀਆਂ ਜਾਇਜ਼ ਸਮੱਸਿਆਵਾਂ ਦੇ ਹੱਲ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਮੰਤਰੀ ਦੇ ਭਰੋਸੇ ਤੋਂ ਬਾਅਦ ਮਿਲਰਾਂ ਨੇ ਵੀ ਸਰਕਾਰ ਨੂੰ ਸਹਿਯੋਗ ਦੇਣ ਦਾ ਭਰੋਸਾ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਯਤਨ ਕਰਦੀ ਹੈ ਤਾਂ ਉਹ ਸਰਕਾਰ ਦਾ ਪੂਰਾ ਸਾਥ ਦੇਣਗੇ ਅਤੇ ਕਿਸਾਨਾਂ ਦੀ ਫ਼ਸਲ ਦਾ ਦਾਣਾ-ਦਾਣਾ ਚੁੱਕਣ ਵਿੱਚ ਸਹਿਯੋਗ ਕਰਨਗੇ। ਇਸ ਮੀਟਿੰਗ ਮੌਕੇ ਡੀਐਫਐਸਸੀ ਹੁਸ਼ਿਆਰਪੁਰ ਨਰਿੰਦਰ ਸਿੰਘ, ਡਿਪਟੀ ਡਾਇਰੈਕਟਰ ਜਲੰਧਰ ਰਜਨੀਸ਼ ਕੁਮਾਰੀ ਰਾਜਪੂਤ, ਪਰਮਜੀਤ ਸਿੰਘ ਮੋਤੀਆ, ਮਨਦੀਰਜੀਤ ਸਿੰਘ ਮਨੀ, ਕੁਲਵੰਤ ਸਿੰਘ ਠਾਕੁਰ, ਮਨਦੀਪ ਸਿੰਘ ਠਾਕੁਰ, ਵਰਜਿੰਦਰ ਅਗਰਵਾਲ, ਵਿਨੈ ਠਾਕੁਰ, ਗੁਰਜੀਤ ਸਿੰਘ ਸੰਘਾ, ਪ੍ਰਦੂਮਨ ਲਾਲ, ਰਾਜੀਵ ਮਰਵਾਹਾ, ਮਨੀਸ਼ ਬੱਸੀ, ਏਐਫਐਸਓ ਨਵਰੀਤ ਸਿੰਘ, ਇੰਸਪੈਕਟਰ ਟਾਂਡਾ ਸਮੇਤ ਵਿਭਾਗੀ ਅਧਿਕਾਰੀ, ਜ਼ਿਲ੍ਹੇ ਭਰ ਤੋਂ ਆਏ ਰਾਈਸ ਮਿਲਰ ਅਤੇ ਹੋਰ ਪਤਵੰਤੇ ਹਾਜ਼ਰ ਸਨ।