- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦਸਮੇਸ਼ ਗਰਲਜ਼ ਕਾਲਜ ਵਿੱਚ ‘ਕੰਟੀਨੀ ਮੰਡੀਰ’ ਪ੍ਰੋਗਰਾਮ ਕਰਵਾਇਆ

ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ, ਮੁਕੇਰੀਆਂ : ਸ੍ਰੀ ਗੁਰੂ ਗੋਬਿੰਦ ਸਿੰਘ ਐਜੂਕੇਸ਼ਨਲ ਚੈਰੀਟੇਬਲ ਟਰੱਸਟ ਮੁਕੇਰੀਆਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਦਸਮੇਸ਼ ਗਰਲਜ਼ ਕਾਲਜ ਚੱਕ ਅੱਲ੍ਹਾ ਬਖਸ਼ ਮੁਕੇਰੀਆਂ ਵਿਖੇ ਪ੍ਰਸਿੱਧ ਪੰਜਾਬੀ ਚੈਨਲ ਐੱਮਐੱਚ ਵੰਨ ਵੱਲੋਂ ‘ਕੰਟੀਨੀ ਮੰਡੀਰ’ ਪ੍ਰੋਗਰਾਮ ਦੀ ਪੇਸ਼ਕਾਰੀ ਕਰਵਾਈ ਗਈ। ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥਣਾਂ ਦਾ ਮਨੋਰੰਜਨ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਪੰਜਾਬੀ ਸੱਭਿਆਚਾਰ, ਲੋਕ ਕਲਾਵਾਂ ਅਤੇ ਅਮੀਰ ਵਿਰਸੇ ਨਾਲ ਜੋੜਨਾ ਸੀ। ਪ੍ਰੋਗਰਾਮ ਦੌਰਾਨ ਕਾਲਜ ਦੀਆਂ ਵਿਦਿਆਰਥਣਾਂ ਨੇ ਪੰਜਾਬੀ ਲੋਕ ਵਿਰਸੇ ਦੀਆਂ ਵੱਖ-ਵੱਖ ਕਲਾਵਾਂ ਅਤੇ ਰਵਾਇਤੀ ਪੇਸ਼ਕਾਰੀਆਂ ਰਾਹੀਂ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਵਿਦਿਆਰਥਣਾਂ ਵੱਲੋਂ ਲੁੱਡੀ, ਗਿੱਧਾ, ਬੋਲੀਆਂ, ਸੂਫ਼ੀ ਗੀਤ, ਲੋਕ ਗੀਤ, ਲੋਕ ਸਾਜ, ਕਵਿਤਾ, ਨਾਚ ਅਤੇ ਟੱਪਿਆਂ ਸਮੇਤ ਕਈ ਵੰਨਗੀਆਂ ਪੇਸ਼ ਕੀਤੀਆਂ ਗਈਆਂ। ਵਿਦਿਆਰਥਣਾਂ ਨੇ ਆਪਣੀ ਕਲਾ ਰਾਹੀਂ ਪੰਜਾਬ ਦੀਆਂ ਪੁਰਾਤਨ ਲੋਕ ਕਲਾਵਾਂ ਨੂੰ ਜੀਵੰਤ ਰੂਪ ਵਿੱਚ ਪੇਸ਼ ਕੀਤਾ।