- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੜਕ ਬਣਨ ਤੋਂ ਕਰੀਬ ਦੋ ਮਹੀਨੇ ਬਾਅਦ ਹੀ ਤੋੜ ਦਿੱਤੀ ਗਈ ਸੜਕ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸ਼ਾਮ ਚੁਰਾਸੀ : ਸ਼ਾਮ ਚੁਰਾਸੀ ਤੋਂ ਰਾੜਾ ਸਾਹਿਬ ਗੁਰਦੁਆਰਾ ਵੱਲ ਜਾਂਦੀ ਸੜਕ ’ਤੇ ਸੀਵਰੇਜ ਦੇ ਕੰਮ ਕਾਰਨ ਰਾਹਗੀਰਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਨਗਰ ਕੌਂਸਲ ਸ਼ਾਮ ਚੁਰਾਸੀ ਵੱਲੋਂ ਸੀਵਰੇਜ ਦਾ ਕੰਮ ਕਰਵਾਉਣ ਲਈ ਬਣੀ ਹੋਈ ਸੜਕ ਨੂੰ ਤੋੜ ਦਿੱਤਾ ਗਿਆ ਹੈ, ਜਿਸ ਕਾਰਨ ਸ਼ਾਮ ਚੁਰਾਸੀ ਤੋਂ ਮਹਿੰਦੀਪੁਰ ਵੱਲ ਜਾਣ ਵਾਲਾ ਰਸਤਾ ਬੇਹੱਦ ਮੁਸ਼ਕਿਲ ਹੋ ਗਿਆ ਹੈ। ਲੋਕਾਂ ਨੇ ਦੱਸਿਆ ਕਿ ਇਸ ਸੜਕ ਨੂੰ ਬਣਿਆਂ ਹਾਲੇ ਕਰੀਬ ਦੋ ਮਹੀਨੇ ਹੀ ਹੋਏ ਸਨ। ਜਦੋਂ ਸੜਕ ਬਣ ਰਹੀ ਸੀ, ਉਸ ਸਮੇਂ ਸੀਵਰੇਜ ਦਾ ਕੰਮ ਪਹਿਲਾਂ ਕਰਵਾਇਆ ਜਾਣਾ ਚਾਹੀਦਾ ਸੀ, ਪਰ ਹੁਣ ਸੜਕ ਬਣਨ ਤੋਂ ਬਾਅਦ ਇਸ ਨੂੰ ਦੁਬਾਰਾ ਪੁੱਟ ਕੇ ਸੀਵਰੇਜ ਦਾ ਕੰਮ ਕੀਤਾ ਜਾ ਰਿਹਾ ਹੈ। ਮੀਂਹ ਪੈਣ ਸਮੇਂ ਇਸ ਸੜਕ ਦੀ ਹਾਲਾਤ ਹੋਰ ਵੀ ਖ਼ਰਾਬ ਹੋ ਜਾਂਦੀ ਹੈ ਅਤੇ ਇਸ ਰਸਤੇ ਤੋਂ ਲੰਘਣਾ ਮੁਸ਼ਕਿਲ ਹੋ ਜਾਂਦਾ ਹੈ। ਦੁਕਾਨਦਾਰ ਟੋਨੀ ਅਤੇ ਪੰਚ ਵਿਜੈ ਕੁਮਾਰ ਨੇ ਦੱਸਿਆ ਕਿ ਰਸਤਾ ਖ਼ਰਾਬ ਹੋਣ ਕਾਰਨ ਕਈ ਰਾਹਗੀਰ ਡਿੱਗ ਕੇ ਜ਼ਖ਼ਮੀ ਵੀ ਹੋ ਚੁੱਕੇ ਹਨ। ਲੋਕਾਂ ਨੇ ਪ੍ਰਸ਼ਾਸਨ ਅਤੇ ਨਗਰ ਕੌਂਸਲ ਤੋਂ ਮੰਗ ਕੀਤੀ ਹੈ ਕਿ ਸੀਵਰੇਜ ਦਾ ਕੰਮ ਜਲਦੀ ਤੋਂ ਜਲਦੀ ਮੁਕੰਮਲ ਕੀਤਾ ਜਾਵੇ ਅਤੇ ਰਸਤੇ ਵਿੱਚ ਪਈ ਵਾਧੂ ਮਿੱਟੀ, ਗਾਰ ਅਤੇ ਚਿੱਕੜ ਨੂੰ ਹਟਾ ਕੇ ਰਾਹਗੀਰਾਂ ਲਈ ਰਸਤਾ ਸੁਚਾਰੂ ਬਣਾਇਆ ਜਾਵੇ। ਇਸ ਸਬੰਧੀ ਜਦੋਂ ਨਗਰ ਕੌਂਸਲ ਦੇ ਕਲਰਕ ਰਮੇਸ਼ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਜਾਣੂ ਕਰਵਾ ਕੇ ਜਲਦੀ ਹੀ ਇਸ ਸਮੱਸਿਆ ਨੂੰ ਹੱਲ ਕਰਵਾ ਦਿੱਤਾ ਜਾਵੇਗਾ।