- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦਾਤਾਰਪੁਰ ਦੀ ਮੰਡੀ ‘ਚ ਕਿਸਾਨਾਂ ਤੇ ਮਜ਼ਦੂਰਾਂ ਨੂੰ ਸਹੂਲਤਾਂ ਦਾ ਤੋੜਾ

ਦੇਸ ਰਾਜ, ਪੰਜਾਬੀ ਜਾਗਰਣ, ਦਾਤਾਰਪੁਰ : ਸੂਬੇ ਦੀ ਭਗਵੰਤ ਮਾਨ ਸਰਕਾਰ ਵੱਲੋਂ ਪਹਿਲੀ ਅਕਤੂਬਰ ਤੋਂ ਮੰਡੀਆਂ ਵਿੱਚ ਝੋਨੇ ਦੀ ਖਰੀਦ ਸ਼ੁਰੂ ਕੀਤੀ ਜਾ ਰਹੀ ਹੈ, ਪਰ ਮੰਡੀਆਂ ਵਿੱਚ ਸੁਚਾਰੂ ਪ੍ਰਬੰਧ ਯਕੀਨੀ ਬਣਾਉਣ ਲਈ ਕੋਈ ਵੀ ਅਧਿਕਾਰੀ ਦਿਲਚਸਪੀ ਦਿਖਾਉਂਦਾ ਨਜ਼ਰ ਨਹੀਂ ਆ ਰਿਹਾ। ਦਾਤਾਰਪੁਰ ਦੀ ਮੰਡੀ ਵਿੱਚ ਪਖਾਨਿਆ, ਕਿਸਾਨਾਂ-ਮਜ਼ਦੂਰਾਂ ਦੇ ਬੈਠਣ ਅਤੇ ਪੀਣ ਵਾਲੇ ਸਾਫ ਪਾਣੀ ਦਾ ਕੋਈ ਠੋਸ ਪ੍ਰਬੰਧ ਨਹੀਂ ਨਜ਼ਰ ਆ ਰਿਹਾ। ਅੱਜ ਜਦੋਂ ਮੰਡੀ ਦਾ ਦੌਰਾ ਕੀਤਾ ਗਿਆ ਤਾਂ ਮੰਡੀ ਵਿੱਚ ਕੁਝ ਕਿਸਾਨ ਆਪਣੀ ਜਿਣਸ ਵੇਚਣ ਆਏ ਹੋਏ ਸਨ। ਕਿਸਾਨਾਂ ਨੇ ਦੱਸਿਆ ਕਿ ਮੰਡੀ ਵਿੱਚ ਪੀਣ ਵਾਲੇ ਸਾਫ ਪਾਣੀ ਦਾ ਮਾਰਕੀਟ ਕਮੇਟੀ ਵੱਲੋਂ ਕਦੇ ਵੀ ਠੋਸ ਪ੍ਰਬੰਧ ਨਹੀਂ ਕੀਤਾ ਜਾਂਦਾ, ਉਹ ਤਾਂ ਆੜ੍ਹਤੀਆਂ ਵੱਲੋਂ ਰੱਖੇ ਪਾਣੀ ਦੇ ਕੇਨਾ ਉੱਤੇ ਹੀ ਨਿਰਭਰ ਹਨ। ਮੰਡੀ ਵਿੱਚ ਬਾਥਰੂਮ ਜਾਂ ਲੈਟਰੀਨ ਆਦਿਕ ਦਾ ਕੋਈ ਪ੍ਰਬੰਧ ਨਹੀਂ ਹੈ, ਜਿਸ ਕਾਰਨ ਕਿਸਾਨਾਂ ਤੇ ਮਜ਼ਦੂਰਾਂ ਨੂੰ ਨੇੜਲੇ ਖੇਤਾਂ ਵਿੱਚ ਜਾਣਾ ਪੈਂਦਾ ਹੈ। ਮਾਰਕੀਟ ਕਮੇਟੀ ਵਲੋਂ ਹਰ ਸਾਲ ਮੰਡੀਆਂ ਵਿੱਚ ਕਿਸਾਨਾਂ ਰਾਹੀਂ ਆੜ੍ਹਤੀਆਂ ਕੋਲੋਂ ਕਰੋੜਾਂ ਰੁਪਏ ਦੀ ਮਾਰਕੀਟ ਫੀਸ ਵਸੂਲੀ ਜਾਂਦੀ ਹੈ, ਪਰ ਮੰਡੀਆਂ ਵਿੱਚ ਸਹੂਲਤਾਂ ਦੇਣ ਮੌਕੇ ਤੋੜਾ ਪੈ ਜਾਂਦਾ ਹੈ। ਉਨ੍ਹਾਂ ਕਿਹਾ ਕਿ ਦਾਤਾਰਪੁਰ ਦੀ ਮੰਡੀ ਵਿੱਚ ਆੜ੍ਹਤੀਆਂ ਤੇ ਪ੍ਰਸਾਸ਼ਨਿਕ ਅਧਿਕਾਰੀਆਂ ਦਾ ਗੇੜਾ ਕਦੇ ਕਦਾਈਂ ਵੱਜਦਾ ਹੋਣ ਕਰ ਕੇ ਇਸ ਦੀ ਹਾਲਤ ਲਾਵਾਰਿਸਾਂ ਵਾਲੀ ਬਣੀ ਹੋਈ ਹੈ।