ਨਿੱਜੀ ਸਕੂਲ ਦੀ ਬੱਸ ਪਲਟੀ, ਦੋ ਬੱਚੇ ਜ਼ਖ਼ਮੀ ਨਿੱਜੀ ਸਕੂਲ ਦੀ ਬੱਸ ਪਲਟੀ, ਦੋ ਬੱਚੇ ਹੋਏ ਮਾਮੂਲੀ ਜ਼ਖਮੀ
Publish Date: Thu, 01 Oct 2026 04:08 PM (IST)
Updated Date: Thu, 01 Oct 2026 04:09 PM (IST)
ਕਮਲ, ਪੰਜਾਬੀ ਜਾਗਰਣ ਹਰਿਆਣਾ : ਥਾਣਾ ਬੁੱਲ੍ਹੋਵਾਲ ਅਧੀਨ ਪੈਂਦੇ ਪਿੰਡ ਮੁਰਾਦਪੁਰ ਗੁਰੂ ਕਾ ’ਚ ਸ੍ਰੀ ਹਰਿਕ੍ਰਿਸ਼ਨ ਪਬਲਿਕ ਸਕੂਲ ਪੰਡੋਰੀ ਖਜੂਰ ਦੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਹਾਦਸੇ ਦੇ ਕਾਰਨ ਮੌਕੇ ’ਤੇ ਮੌਜੂਦ ਲੋਕਾਂ ਵੱਲੋਂ ਬੱਸ ਡਰਾਈਵਰ ਦੀ ਲਾਪ੍ਰਵਾਹੀ ਦੱਸਿਆ ਜਾ ਰਿਹਾ ਹੈ, ਜੋ ਕਿ ਹਾਦਸੇ ਦੌਰਾਨ ਫ਼ਰਾਰ ਹੋ ਗਿਆ। ਬੱਸ ’ਚ 35 ਤੋਂ 40 ਦੇ ਕਰੀਬ ਬੱਚੇ ਸਵਾਰ ਸਨ, ਜਿਨ੍ਹਾਂ ’ਚੋਂ ਦੋ ਬੱਚੇ ਮਾਮੂਲੀ ਜ਼ਖ਼ਮੀ ਹੋ ਗਏ। ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਬੱਸ ਨੰਬਰ ਪੀਬੀ07ਸੀਐੱਫ 8977 ਬੱਚਿਆਂ ਨੂੰ ਲੈ ਕੇ ਪਿੰਡ ਮੁਰਾਦਪੁਰ ਗੁਰੂ ਕਾ ਪਹੁੰਚੀ ਤਾਂ ਡਰਾਈਵਰ ਵੱਲੋਂ ਬੱਸ ਦਾ ਸੰਤੁਲਨ ਵਿਗੜ ਗਿਆ, ਜਿਸ ਦੇ ਕਾਰਨ ਸਕੂਲੀ ਬੱਚਿਆਂ ਨਾਲ ਭਰੀ ਬੱਸ ਖੇਤਾਨਾਂ ਵਿੱਚ ਜਾ ਡਿੱਗੀ। ਸਥਾਨਕ ਲੋਕਾਂ ਦੀ ਮਦਦ ਨਾਲ ਬੱਚਿਆਂ ਨੂੰ ਸਕੂਲ ਬੱਸ ’ਚੋਂ ਬਾਹਰ ਕੱਢਿਆ ਗਿਆ ਹੈ। ਜ਼ਖ਼ਮੀ ਬੱਚਿਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਹਾਦਸੇ ਦੀ ਸੂਚਨਾ ਮਿਲਣ ’ਤੇ ਥਾਣਾ ਬੁੱਲੋਵਾਲ ਦੀ ਪੁਲਿਸ ਮੌਕੇ ’ਤੇ ਪੁੱਜੀ ਅਤੇ ਹਾਦਸੇ ਬਾਰੇ ਛਾਣਬੀਣ ਸ਼ੁਰੂ ਕਰ ਦਿੱਤੀ ਗਈ। ਪਿੰਡ ਵਾਸੀਆਂ ਅਤੇ ਬੱਚਿਆਂ ਦੇ ਮਾਪਿਆਂ ’ਚ ਭਾਰੀ ਰੋਸ ਹੈ ਅਤੇ ਉਨ੍ਹਾਂ ਦੱਸਿਆ ਕਿ ਉਕਤ ਰੂਟ ’ਤੇ ਬੱਸ ਚਾਲਕ ਬਾਰ ਬਾਰ ਬਦਲਿਆ ਜਾਂਦਾ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਮੰਗ ਕਰਨ ’ਤੇ ਬੱਸ ਡਰਾਈਵਰ ਵੱਲੋਂ ਲਾਇਸੈਂਸ ਵੀ ਨਹੀਂ ਦਿਖਾਇਆ ਗਿਆ, ਹੋ ਸਕਦਾ ਹੈ ਕਿ ਉਸ ਕੋਲ ਲਾਇਸੈਂਸ ਵੀ ਨਹੀਂ ਹੈ।