ਫੂਡ ਸੇਫਟੀ ਟੀਮ ਨੇ ਖਰਾਬ ਹੋਇਆ ਗੁੜ ਕਰਵਾਇਆ ਨਸ਼ਟ ਫੂਡ ਸੇਫਟੀ ਟੀਮ ਵੱਲੋਂ ਖਰਾਬ ਹੋਇਆ 50 ਕਿਲੋ ਗੁੜ ਕਰਵਾਇਆ ਗਿਆ ਨਸ਼ਟ
Publish Date: Thu, 01 Oct 2026 04:03 PM (IST)
Updated Date: Thu, 01 Oct 2026 04:06 PM (IST)
ਗਗਨਪ੍ਰੀਤ, ਪੰਜਾਬੀ ਜਾਗਰਣ ਹੁਸ਼ਿਆਰਪੁਰ : ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਪੰਜਾਬ ਕੰਵਲਪ੍ਰੀਤ ਕੌਰ ਬਰਾੜ ਆਈਏਐੱਸ., ਡਿਪਟੀ ਕਮਿਸ਼ਨਰ ਆਸ਼ਿਕਾ ਜੈਨ, ਆਈਏਐੱਸ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ. ਮਨਦੀਪ ਕਮਲ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲ੍ਹਾ ਸਿਹਤ ਅਫ਼ਸਰ ਡਾ. ਜਤਿੰਦਰ ਭਾਟੀਆ ਦੀ ਅਗਵਾਈ ਹੇਠ ਜ਼ਿਲ੍ਹੇ ਵਿੱਚ ਫੂਡ ਸੇਫਟੀ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਫੂਡ ਸੇਫਟੀ ਟੀਮਾਂ ਵੱਲੋਂ ਲਗਾਤਾਰ ਚੈਕਿੰਗ ਅਤੇ ਸੈਂਪਲਿੰਗ ਕੀਤੀ ਜਾ ਰਹੀ ਹੈ। ਇਸੇ ਮੁਹਿੰਮ ਤਹਿਤ ਫੂਡ ਸੇਫਟੀ ਅਫ਼ਸਰ ਮੁਨੀਸ਼ ਕੁਮਾਰ ਅਤੇ ਉਨ੍ਹਾਂ ਦੀ ਟੀਮ ਵੱਲੋਂ ਟਾਂਡਾ ਵਿਖੇ ਮਸਾਲਿਆਂ ਦੇ ਕੁੱਲ 5 ਸੈਂਪਲ ਲਏ ਗਏ, ਜਿਨ੍ਹਾਂ ਵਿੱਚ ਹਲਦੀ, ਕਾਲੀ ਮਿਰਚ, ਧਨੀਆ ਪਾਊਡਰ, ਲਾਲ ਮਿਰਚ ਅਤੇ ਗਰਮ ਮਸਾਲਾ ਸ਼ਾਮਲ ਹਨ। ਸਾਰੇ ਸੈਂਪਲ ਨਿਯਮਾਂ ਅਨੁਸਾਰ ਜਾਂਚ ਲਈ ਲੈਬਾਰਟਰੀ ਭੇਜੇ ਜਾਣਗੇ ਅਤੇ ਪ੍ਰਾਪਤ ਰਿਪੋਰਟ ਦੇ ਆਧਾਰ ’ਤੇ ਅਗਲੀ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਫੂਡ ਸੇਫਟੀ ਟੀਮ ਵੱਲੋਂ ਗੁਰਨਾ ਸਾਹਿਬ ਨੇੜੇ ਗੁੜ ਦੀ ਜਾਂਚ ਕੀਤੀ ਗਈ। ਜਾਂਚ ਦੌਰਾਨ ਪਾਇਆ ਗਿਆ ਕਿ ਖਰਾਬ ਸਟੋਰੇਜ ਕਾਰਨ ਗੁੜ ਦੀ ਗੁਣਵੱਤਾ ਖਰਾਬ ਹੋ ਚੁੱਕੀ ਸੀ ਅਤੇ ਇਹ ਖਪਤ ਲਈ ਉਚਿਤ ਨਹੀਂ ਸੀ। ਇਸ ਦੇ ਮੱਦੇਨਜ਼ਰ ਟੀਮ ਵੱਲੋਂ ਕਰੀਬ 50 ਕਿਲੋਗ੍ਰਾਮ ਖਰਾਬ ਗੁੜ ਨਿਯਮਾਂ ਅਨੁਸਾਰ ਨਸ਼ਟ ਕਰਵਾਇਆ ਗਿਆ। ਡਾ. ਜਤਿੰਦਰ ਭਾਟੀਆ ਨੇ ਖਾਣ-ਪੀਣ ਵਾਲੀਆਂ ਵਸਤਾਂ ਦੀ ਗੁਣਵੱਤਾ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਨਿਯਮਾਂ ਦੀ ਉਲੰਘਣਾ ਪਾਏ ਜਾਣ ’ਤੇ ਫੂਡ ਸੇਫਟੀ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।