ਫਿਊਚਰ ਟੀਚ ਇੰਸਟੀਚਿਊਟ ’ਚ ਮਨਾਇਆ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਫਿਊਚਰ ਟੀਚ ਇੰਸਟੀਚਿਊਟ 'ਚ ਮਨਾਇਆ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ
Publish Date: Wed, 30 Sep 2026 03:58 PM (IST)
Updated Date: Wed, 30 Sep 2026 04:00 PM (IST)
ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ ਮੁਕੇਰੀਆਂ : ਫਿਊਚਰ ਟੀਚ ਇੰਸਟੀਚਿਊਟ ਭੰਗਾਲਾ ਵੱਲੋਂ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦਾ 119ਵਾਂ ਜਨਮ ਦਿਹਾੜਾ ਸ਼ਰਧਾ, ਸਨਮਾਨ ਅਤੇ ਦੇਸ਼ ਭਗਤੀ ਦੀ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੂੰ ਭਗਤ ਸਿੰਘ ਦੇ ਜੀਵਨ, ਸੰਘਰਸ਼ ਅਤੇ ਵਿਚਾਰਧਾਰਾ ਨਾਲ ਜਾਣੂ ਕਰਵਾਉਣ ਲਈ ਬੀਬੀਸੀ ਪੰਜਾਬੀ ਦੀ ਵਿਸ਼ੇਸ਼ ਡਾਕੂਮੈਂਟਰੀ ਵਿਖਾਈ ਗਈ। ਇਸ ਮੌਕੇ ਸੰਸਥਾ ਦੀ ਮੁੱਖ ਪ੍ਰਬੰਧਕਾ ਇੰਜੀਨੀਅਰ ਰਿਤਿਕਾ ਪੁਰੀ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਨੇ ਜਿਸ ਆਜ਼ਾਦ, ਜਾਗਰੂਕ ਅਤੇ ਬਿਹਤਰ ਭਾਰਤ ਦਾ ਸੁਪਨਾ ਦੇਖਿਆ ਸੀ, ਉਸ ਨੂੰ ਸਾਕਾਰ ਕਰਨ ਦੀ ਜ਼ਿੰਮੇਵਾਰੀ ਅੱਜ ਦੀ ਪੀੜ੍ਹੀ ਦੀ ਹੈ। ਆਜ਼ਾਦੀ ਸਾਨੂੰ ਬਿਨਾਂ ਕਿਸੇ ਸੰਘਰਸ਼ ਦੇ ਨਹੀਂ ਮਿਲੀ ਸਗੋਂ ਸਾਡੇ ਆਜ਼ਾਦੀ ਘੁਲਾਟੀਆਂ ਨੇ ਅਣਗਿਣਤ ਮੁਸ਼ਕਲਾਂ, ਤਸੀਹਿਆਂ ਅਤੇ ਕੁਰਬਾਨੀਆਂ ਦਾ ਸਾਹਮਣਾ ਕਰ ਕੇ ਦੇਸ਼ ਨੂੰ ਆਜ਼ਾਦ ਕਰਵਾਇਆ। ਇਸ ਮੌਕੇ ਸੀਨੀਅਰ ਫੈਕਲਿਟੀ ਹਰਪ੍ਰੀਤ ਕੌਰ ਸੈਣੀ ਨੇ ਕਿਹਾ ਕਿ ਭਗਤ ਸਿੰਘ ਨੂੰ ਸਿਰਫ਼ ਤਸਵੀਰਾਂ, ਪੋਸਟਰਾਂ ਅਤੇ ਨਾਰਿਆਂ ਤੱਕ ਸੀਮਿਤ ਕਰਨ ਦੀ ਬਜਾਏ ਉਨ੍ਹਾਂ ਦੇ ਵਿਚਾਰਾਂ ਅਤੇ ਜੀਵਨ ਤੋਂ ਪ੍ਰੇਰਨਾ ਲੈਣ ਦੀ ਲੋੜ ਹੈ। ਉਨ੍ਹਾਂ ਦੀ ਸ਼ਹਾਦਤ ਅੱਜ ਵੀ ਨੌਜਵਾਨਾਂ ਨੂੰ ਦੇਸ਼ ਅਤੇ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਪ੍ਰੇਰਿਤ ਕਰਦੀ ਹੈ। ਇਸ ਮੌਕੇ ਅਧਿਆਪਕਾ ਮੁਸਕਾਨ ਮਰਵਾਹਾ, ਭਵਨੀਤ ਕੌਰ, ਵਿਦਿਆਰਥਣ ਸੋਨੀਆ ਰਾਣੀ, ਲਕਸ਼ਿਤਾ, ਤਨੂੰ, ਰਾਜਵਿੰਦਰ ਕੌਰ ਅਤੇ ਹੋਰ ਵੀ ਹਾਜ਼ਰ ਸਨ।