ਟਾਂਡਾ ਦਾ ਆਗਿਆਪਾਲ ਬਣਿਆ ਕੈਨੇਡਾ ’ਚ ਪੁਲਿਸ ਅਧਿਕਾਰੀ ਟਾਂਡਾ ਦਾ ਆਗਿਆਪਾਲ ਬਣਿਆ ਕੈਨੇਡਾ ਚ ਪੁਲਿਸ ਅਧਿਕਾਰੀ
Publish Date: Tue, 29 Sep 2026 05:40 PM (IST)
Updated Date: Tue, 29 Sep 2026 05:42 PM (IST)
ਸੁਰਿੰਦਰ ਢਿੱਲੋਂ, ਪੰਜਾਬੀ ਜਾਗਰਣ ਟਾਂਡਾ ਉੜਮੁੜ : ਟਾਂਡਾ ਉੜਮੁੜ ਦੇ ਰਹਿਣ ਵਾਲੇ ਨੌਜਵਾਨ ਲੜਕੇ ਆਗਿਆਪਾਲ ਸਿੰਘ ਨੇ ਆਪਣੀ ਮਿਹਨਤ, ਲਗਨ ਅਤੇ ਪਰਿਵਾਰ ਦੇ ਸਹਿਯੋਗ ਨਾਲ ਕੈਨੇਡਾ ਵਿੱਚ ਪੁਲਿਸ ਅਧਿਕਾਰੀ ਵਜੋਂ ਨਿਯੁਕਤ ਹੋ ਕੇ ਇਲਾਕੇ ਅਤੇ ਜ਼ਿਲ੍ਹਾ ਹੁਸ਼ਿਆਰਪੁਰ ਨਾਮ ਰੋਸ਼ਨ ਕੀਤਾ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ 26 ਫਰਵਰੀ 2002 ਨੂੰ ਜਨਮੇ ਆਗਿਆਪਾਲ ਸਿੰਘ ਦੇ ਪਿਤਾ ਅਜਾਇਬ ਸਿੰਘ ਦਾ ਸਾਲ 2003 ਵਿੱਚ ਦੇਹਾਂਤ ਹੋ ਗਿਆ ਸੀ। ਉਸ ਸਮੇਂ ਆਗਿਆਪਾਲ ਦੀ ਉਮਰ ਮਹਿਜ਼ ਇੱਕ ਸਾਲ ਸੀ। ਪਿਤਾ ਦੀ ਮੌਤ ਤੋਂ ਬਾਅਦ ਛੋਟੀ ਉਮਰ ਮਾਤਾ ਸੁਨੀਤਾ ਦੇਵੀ ਨੇ ਉਨ੍ਹਾਂ ਦੇ ਪਾਲਣ-ਪੋਸ਼ਣ ਅਤੇ ਸਿੱਖਿਆ ਦੀ ਜ਼ਿੰਮੇਵਾਰੀ ਸੰਭਾਲੀ। ਸੁਨੀਤਾ ਦੇਵੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਧਾਲਾ ਸ਼ੇਖਾਂ ਵਿੱਚ ਲੈਕਚਰਾਰ ਵਜੋਂ ਸੇਵਾਵਾਂ ਨਿਭਾ ਰਹੇ ਹਨ। ਆਗਿਆਪਾਲ ਦੇ ਨਾਨਕੇ ਪਰਿਵਾਰ ਨੇ ਵੀ ਉਨ੍ਹਾਂ ਦੇ ਜੀਵਨ ਵਿੱਚ ਅਹਿਮ ਭੂਮਿਕਾ ਨਿਭਾਈ। ਆਗਿਆਪਾਲ ਸਿੰਘ ਸਾਲ 2019 ਵਿੱਚ ਉੱਚ ਸਿੱਖਿਆ ਲਈ ਕੈਨੇਡਾ ਚਲੇ ਗਏ। ਵਿਦੇਸ਼ ਪਹੁੰਚ ਕੇ ਉਨ੍ਹਾਂ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਕਰੀਅਰ ਦੀ ਸ਼ੁਰੂਆਤ ਕਰੈਕਸ਼ਨਲ ਅਫਸਰ ਵਜੋਂ ਕੀਤੀ। ਤਜ਼ਰਬਾ ਹਾਸਲ ਕਰਨ ਤੋਂ ਬਾਅਦ ਹੁਣ ਉਨ੍ਹਾਂ ਦੀ ਚੋਣ ਕੇਪ ਬ੍ਰੇਟਨ ਪੁਲਿਸ, ਕੈਨੇਡਾ ਵਿੱਚ ਪੁਲਿਸ ਅਧਿਕਾਰੀ ਵਜੋਂ ਹੋਈ ਹੈ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਆਗਿਆਪਾਲ ਦੀ ਇਹ ਉਪਲਬਧੀ ਉਨ੍ਹਾਂ ਲਈ ਮਾਣ ਵਾਲਾ ਪਲ ਹੈ। ਆਗਿਆਪਾਲ ਦੀ ਸਫਲਤਾ ’ਤੇ ਰਿਸ਼ਤੇਦਾਰਾਂ, ਦੋਸਤਾਂ ਅਤੇ ਇਲਾਕਾ ਵਾਸੀਆਂ ਨੇ ਪਰਿਵਾਰ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।