ਗ਼ਲਤ ਚਾਰਾ ਖਾਣ ਨਾਲ 11 ਦੁਧਾਰੂ ਪਸ਼ੂਆਂ ਦੀ ਮੌਤ, 10 ਜ਼ੇਰੇ ਇਲਾਜ ਗ਼ਲਤ ਚਾਰਾ ਖਾਣ ਨਾਲ 11 ਦੁਧਾਰੂ ਪਸ਼ੂਆਂ ਦੀ ਮੌਤ, 10 ਜ਼ੇਰੇ ਇਲਾਜ
Publish Date: Tue, 29 Sep 2026 05:23 PM (IST)
Updated Date: Tue, 29 Sep 2026 05:24 PM (IST)
ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ ਮੁਕੇਰੀਆਂ : ਉਪ ਮੰਡਲ ਮੁਕੇਰੀਆਂ ਦੇ ਪਿੰਡ ਜਲਾਲਾ ਵਿਖੇ ਗ਼ਲਤ ਚਾਰਾ ਖਾਣ ਕਾਰਨ ਗੁੱਜਰ ਪਰਿਵਾਰ ਦੇ 11 ਦੁਧਾਰੂ ਪਸ਼ੂਆਂ ਦੀ ਮੌਤ ਹੋ ਜਾਣ ਦੀ ਦੁਖਦਾਈ ਘਟਨਾ ਸਾਹਮਣੇ ਆਈ ਹੈ, ਜਦਕਿ 10 ਹੋਰ ਪਸ਼ੂ ਬਿਮਾਰ ਹੋਣ ਕਾਰਨ ਇਲਾਜ ਅਧੀਨ ਹਨ। ਸਾਬਕਾ ਸਰਪੰਚ ਅਨਿਲ ਕੁਮਾਰ ਰਾਣਾ ਨੇ ਦੱਸਿਆ ਕਿ ਪਿੰਡ ਜਲਾਲਾ ਵਿਖੇ ਲੰਬੇ ਸਮੇਂ ਤੋਂ ਰਹਿ ਰਹੇ ਗੁੱਜਰ ਭਾਈਚਾਰੇ ਨਾਲ ਸਬੰਧਤ ਮੁਸ਼ਤਾਕ ਪੁੱਤਰ ਯੂਸਫ਼ ਦੋਧੀ ਦਾ ਕੰਮ ਕਰਦਾ ਹੈ। ਉਸ ਕੋਲ ਕੁੱਲ 24 ਪਸ਼ੂ ਸਨ। ਬੀਤੀ ਰਾਤ ਪਸ਼ੂਆਂ ਵੱਲੋਂ ਕਿਸੇ ਲੰਗਰ ਵਿੱਚੋਂ ਆਏ ਬਚੇ ਹੋਏ ਖਾਣੇ ਨੂੰ ਖਾ ਲੈਣ ਤੋਂ ਬਾਅਦ ਉਨ੍ਹਾਂ ਦੀ ਸਿਹਤ ਅਚਾਨਕ ਵਿਗੜ ਗਈ। ਪਰਿਵਾਰ ਨੂੰ ਇਸ ਬਾਰੇ ਸਵੇਰੇ ਪਤਾ ਲੱਗਾ ਜਿਸ ਉਪਰੰਤ 11 ਦੁਧਾਰੂ ਪਸ਼ੂਆਂ ਦੀ ਮੌਤ ਹੋ ਗਈ। ਬਾਕੀ ਪਸ਼ੂਆਂ ਦਾ ਵੈਟਰਨਰੀ ਡਾਕਟਰਾਂ ਅਤੇ ਫਾਰਮਾਸਿਸਟਾਂ ਦੀ ਟੀਮ ਵੱਲੋਂ ਇਲਾਜ ਕੀਤਾ ਜਾ ਰਿਹਾ ਹੈ। ਪਸ਼ੂਆਂ ਦੀ ਮੌਤ ਦੀ ਸੂਚਨਾ ਮਿਲਦਿਆਂ ਹੀ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਸ਼ੰਭੂ ਨਾਥ ਭਾਰਤੀ ਮੌਕੇ ’ਤੇ ਪੁੱਜੇ ਅਤੇ ਪੀੜਤ ਮੁਸ਼ਤਾਕ ਉਰਫ਼ ਪਹਿਲਵਾਨ ਨੂੰ ਹੌਸਲਾ ਦਿੱਤਾ। ਉਨ੍ਹਾਂ ਕਿਹਾ ਕਿ ਇੰਨੀ ਵੱਡੀ ਘਟਨਾ ਵਾਪਰਨ ਦੇ ਬਾਵਜੂਦ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਮੌਕੇ ’ਤੇ ਨਾ ਪਹੁੰਚਣਾ ਚਿੰਤਾ ਦਾ ਵਿਸ਼ਾ ਹੈ। ਸ਼ੰਭੂ ਨਾਥ ਭਾਰਤੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੀੜਤ ਪਰਿਵਾਰ ਨੂੰ ਤੁਰੰਤ ਢੁੱਕਵਾਂ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਮੁਸ਼ਤਾਕ ਦੀ ਆਮਦਨ ਦਾ ਮੁੱਖ ਸਾਧਨ ਉਸ ਦੇ ਪਸ਼ੂ ਸਨ ਅਤੇ 11 ਪਸ਼ੂਆਂ ਦੀ ਮੌਤ ਨਾਲ ਪਰਿਵਾਰ ਨੂੰ ਭਾਰੀ ਆਰਥਿਕ ਝਟਕਾ ਲੱਗਾ ਹੈ ਜਦਕਿ ਬਾਕੀ ਦੇ ਪਸ਼ੂਆਂ ਦੀ ਹਾਲਤ ਵੀ ਸਥਿਰ ਨਹੀਂ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੀੜਤ ਪਰਿਵਾਰ ਨੂੰ ਤੁਰੰਤ ਢੁੱਕਵਾਂ ਮੁਆਵਜ਼ਾ ਦਿੱਤਾ ਜਾਵੇ ਅਤੇ ਬਾਕੀ ਪਸ਼ੂਆਂ ਦੇ ਇਲਾਜ ਲਈ ਹਰ ਸੰਭਵ ਸਹਿਯੋਗ ਦਿੱਤਾ ਜਾਵੇ। ਇਸ ਮੌਕੇ ਭਾਜਪਾ ਓਬੀਸੀ ਮੋਰਚਾ ਆਗੂ ਸ਼ਿਵ ਰਾਮ ਮਸਤਾਨ, ਸਰਪੰਚ ਬਲਵਿੰਦਰ ਸਿੰਘ, ਪੀੜਤ ਮੁਸ਼ਤਾਕ ਪਹਿਲਵਾਨ ਅਤੇ ਸਾਬੀ ਆਦਿ ਹਾਜ਼ਰ ਸਨ।