ਤਿਉਹਾਰਾਂ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਟਾਕਿਆਂ ਦੀ ਵਿਕਰੀ ਬਾਰੇ ਹਦਾਇਤਾਂ ਜਾਰੀ ਤਿਉਹਾਰਾਂ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪਟਾਕਿਆਂ ਦੀ ਵਿਕਰੀ ਬਾਰੇ ਹਦਾਇਤਾਂ ਜਾਰੀ
Publish Date: Tue, 29 Sep 2026 05:06 PM (IST)
Updated Date: Tue, 29 Sep 2026 05:06 PM (IST)
ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਜ਼ਿਲ੍ਹਾ ਪ੍ਰਸ਼ਾਸਨ ਵਲੋਂ ਤਿਉਹਾਰਾਂ ਖਾਸਕਰ ਦੀਵਾਲੀ ਦੇ ਮੱਦੇਨਜ਼ਰ ਪਟਾਕਿਆਂ ਦੀ ਵਿਕਰੀ ਸਬੰਧੀ ਜ਼ਿਲ੍ਹੇ ਦੇ ਡੀਲਰਾਂ ਨਾਲ ਲੋੜੀਂਦਾ ਵਿਚਾਰ-ਵਟਾਂਦਰਾ ਕੀਤਾ ਗਿਆ। ਵਧੀਕ ਡਿਪਟੀ ਕਮਿਸ਼ਨਰ ਨਿਧੀ ਕੁਮੁਦ ਬੰਬਾਹ ਅਤੇ ਸਹਾਇਕ ਕਮਿਸ਼ਨਰ ਸੁਮਿਤ ਮੁਧ ਨੇ ਜ਼ਿਲ੍ਹੇ ਦੇ ਪਟਾਕਾ ਡੀਲਰਾਂ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਕਿਹਾ ਕਿ ਜਨਤਕ ਹਿੱਤਾਂ ਦੇ ਮੱਦੇਨਜ਼ਰ ਤੰਗ ਇਲਾਕਿਆਂ ਜਾਂ ਬਾਜ਼ਾਰਾਂ ਵਿਚ ਕਿਸੇ ਵੀ ਤਰ੍ਹਾਂ ਦੇ ਪਟਾਕੇ ਦੀ ਵਿਕਰੀ ਨਾ ਕੀਤੀ ਜਾਵੇ ਅਤੇ ਪਟਾਕੇ ਵੇਚਣ ਲਈ ਨਿਰਧਾਰਤ ਥਾਵਾਂ ਨੂੰ ਹੀ ਤਰਜ਼ੀਹ ਦਿੱਤੀ ਜਾਵੇ। ਹੁਸ਼ਿਆਰਪੁਰ, ਗੜ੍ਹਸ਼ੰਕਰ, ਮੁਕੇਰੀਆਂ, ਦਸੂਹਾ ਅਤੇ ਟਾਂਡਾ ਸਬ-ਡਵੀਜ਼ਨ ਵਿਖੇ ਐਸ.ਡੀ.ਐਮਜ਼ ਵਲੋਂ ਪਟਾਕਿਆਂ ਦੀ ਵਿਕਰੀ ਲਈ ਖੁੱਲ੍ਹੀਆਂ ਥਾਵਾਂ ਨਿਸ਼ਚਿਤ ਕੀਤੀਆਂ ਜਾਣਗੀਆਂ ਜਿਥੇ ਸੁਰੱਖਿਆ ਨਾਲ ਸਬੰਧਤ ਇੰਤਜ਼ਾਮ ਅਤੇ ਸਿਹਤ ਵਿਭਾਗ ਵਲੋਂ ਐਮਰਜੈਂਸੀ ਸਿਹਤ ਸਹੂਲਤਾਂ ਦਾ ਵੀ ਢੁੱਕਵਾਂ ਪ੍ਰਬੰਧ ਕੀਤਾ ਜਾਵੇਗਾ। ਇਸ ਤੋਂ ਇਲਾਵਾ ਵਪਾਰਕ ਸਥਾਨਾਂ, ਸੰਵੇਦਨਸ਼ੀਲ ਥਾਵਾਂ ਜਿਵੇਂ ਕਿ ਹਸਪਤਾਲ, ਸ਼ਾਪਿੰਗ ਕੰਪਲੈਕਸ, ਜ਼ਿਆਦਾ ਭੀੜ ਵਾਲੀਆਂ ਥਾਵਾਂ ਆਦਿ ਦੇ ਨੇੜੇ ਪਟਾਕਿਆਂ ਦੀ ਵਿਕਰੀ ਨਾ ਹੋਣ ਦਿੱਤੀ ਜਾਵੇ। ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬਿਜਲੀ ਸਪਲਾਈ ਵਾਲੀਆਂ ਤਾਰਾਂ ਜਾਂ ਟਰਾਂਸਫਾਰਮਰਾਂ ਦੇ ਨਜ਼ਦੀਕ ਵੀ ਪਟਾਕੇ ਨਾ ਵੇਚੇ ਜਾਣ। ਜ਼ਿਲ੍ਹਾਂ ਪ੍ਰਸ਼ਾਸਨ ਵਲੋਂ ਪਟਾਕਿਆਂ ਦੀ ਵਿਕਰੀ ਲਈ ਆਰਜ਼ੀ ਲਾਇਸੰਸ ਲੈਣ ਦੀ ਪ੍ਰਕਿਰਿਆ ਦਾ ਖਾਕਾ ਤਿਆਰ ਕੀਤਾ ਗਿਆ ਹੈ ਜਿਸ ਤਹਿਤ ਸੇਵਾ ਕੇਂਦਰਾਂ ਰਾਹੀਂ 7 ਅਕਤੂਬਰ 2026 ਤੋਂ 16 ਅਕਤੂਬਰ 2026 ਸ਼ਾਮ 5 ਵਜੇ ਤੱਕ ਆਰਜ਼ੀ ਲਾਇਸੰਸ ਲਈ ਅਪਲਾਈ ਕੀਤਾ ਜਾ ਸਕਦਾ ਹੈ। ਇਨ੍ਹਾਂ ਅਰਜ਼ੀਆਂ ਦੀ ਪੜਤਾਲ 21 ਅਕਤੂਬਰ ਨੂੰ ਸ਼ਾਮ 3 ਵਜੇ ਤੱਕ ਹੋਵੇਗੀ ਅਤੇ ਅਰਜ਼ੀਆਂ ਦੀ ਡਰਾਅ 27 ਅਕਤੂਬਰ ਨੂੰ ਸਵੇਰੇ 11:30 ਵਜੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਮੀਟਿੰਗ ਵਿਚ ਕੱਢਿਆ ਜਾਵੇਗਾ। ਪਟਾਕੇ ਵੇਚਣ ਲਈ ਆਰਜੀ ਲਾਇਸੰਸ ਦਾ ਸਮਾਂ 30 ਅਕਤੂਬਰ 2026 ਤੋਂ 8 ਨਵੰਬਰ 2026 ਤੱਕ ਸਵੇਰੇ 10 ਵਜੇ ਤੋਂ ਸ਼ਾਮ ਸਾਢੇ 7 ਵਜੇ ਤੱਕ ਰਹੇਗਾ। ਪਟਾਕਾ ਡੀਲਰਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਭਰੋਸਾ ਦਿੱਤਾ ਕਿ ਤਿਉਹਾਰਾਂ ਦੇ ਮੱਦੇਨਜ਼ਰ ਨਿਯਮਾਂ ਦੀ ਇਨਬਿਲ ਪਾਲਣਾ ਯਕੀਨੀ ਬਣਾਈ ਜਾਵੇਗੀ।