ਪੰਜਾਬ ਸਰਕਾਰ ਨੇ ਖੇਡਾਂ ਨੂੰ ਜ਼ਮੀਨੀ ਪੱਧਰ ’ਤੇ ਕੀਤਾ ਮਜ਼ਬੂਤ : ਮੰਤਰੀ ਡਾ. ਰਵਜੋਤ ਸਿੰਘ ਨੇ ਪਿੰਡ ਕੋਟਲਾ ਨੋਧ ਸਿੰਘ ’ਚ ਵਾਲੀਬਾਲ ਟੂਰਨਾਮੈਂਟ ’ਚ ਕੀਤੀ ਸ਼ਿਰਕਤ
Publish Date: Tue, 29 Sep 2026 04:51 PM (IST)
Updated Date: Tue, 29 Sep 2026 04:51 PM (IST)
ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ ਹੁਸ਼ਿਆਰਪੁਰ : ਪੰਜਾਬ ਦੇ ਜੇਲ੍ਹਾਂ ਅਤੇ ਪ੍ਰਵਾਸੀ ਭਾਰਤੀ ਮਾਮਲੇ ਮੰਤਰੀ ਡਾ. ਰਵਜੋਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਖੇਡਾਂ ਨੂੰ ਜਮੀਨੀ ਪੱਧਰ ’ਤੇ ਹੁਲਾਰਾ ਦੇਣ ਲਈ ਸ਼ਾਨਦਾਰ ਉਪਰਾਲੇ ਕਰਦਿਆਂ ਰਾਜ ਅੰਦਰ ਮੁੜ ਖੇਡ ਸੱਭਿਆਚਾਰ ਨੂੰ ਮਜ਼ਬੂਤ ਕੀਤਾ ਹੈ। ਪਿੰਡ ਕੋਟਲਾ ਨੋਧ ਸਿੰਘ ਵਿਖੇ ਕਰਵਾਏ ਗਏ ਪਹਿਲੇ ਵਾਲੀਬਾਲ ਟੂਰਨਾਮੈਂਟ ਵਿਚ ਪਹੁੰਚਣ ’ਤੇ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਨੂੰ ਹਰ ਵਰਗ ਵੱਲੋਂ ਉਤਸ਼ਾਹਜਨਕ ਹੁੰਗਾਰਾ ਦਿੱਤਾ ਗਿਆ ਹੈ ਅਤੇ ਇਨ੍ਹਾਂ ਖੇਡਾਂ ਵਿਚ 14 ਸਾਲ ਤੋਂ ਲੈ ਕੇ 70 ਸਾਲ ਉਮਰ ਤੱਕ ਦੇ ਖਿਡਾਰੀ ਆਪਣੀਆਂ ਪਸੰਦਿਦਾ ਖੇਡਾਂ ਵਿਚ ਹਿੱਸਾ ਲੈ ਰਹੇ ਹਨ। ਇਨ੍ਹਾਂ ਖੇਡਾਂ ਵਿਚ ਚਾਰ ਪੈਰਾ ਖੇਡਾਂ ਵੀ ਹਨ ਜਿਨ੍ਹਾਂ ਵਿਚ ਐਥਲੈਟਿਕਸ, ਪਾਵਰ ਲਿਫਟਿੰਗ, ਬੈਡਮਿੰਟਨ ਅਤੇ ਵੀਲ੍ਹਚੇਅਰ ਬਾਸਕਿਟਬਾਲ ਵੀ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਪਹਿਲੀਵਾਰ ਖੇਡਾਂ ਲਈ 1744 ਕਰੋੜ ਰੁਪਏ ਦਾ ਬਜ਼ਟ ਰੱਖਿਆ ਗਿਆ ਹੈ। ਸੂਬੇ ਅੰਦਰ 3148 ਪੇਂਡੂ ਖੇਡ ਮੈਦਾਨ ਬਣਾਏ ਜਾ ਰਹੇ ਹਨ, ਜਿਨ੍ਹਾਂ ਵਿਚੋਂ 750 ਤੋਂ ਵੱਧ ਦਾ ਉਦਘਾਟਨ ਹੋ ਚੁੱਕਾ ਹੈ ਜਦਕਿ 6000 ਜਿੰਮ ਪ੍ਰਗਤੀ ਅਧੀਨ ਸਨ ਜਿਨ੍ਹਾਂ ਵਿਚੋਂ 500 ਸਥਾਪਿਤ ਹੋ ਚੁੱਕੇ ਹਨ। ਉਨ੍ਹਾਂ ਨੇ ਖਿਡਾਰੀਆਂ ਅਤੇ ਪ੍ਰਬੰਧਕਾਂ ਨਾਲ ਮੁਲਾਕਾਤ ਕਰਦਿਆਂ ਇਸ ਸਮਾਜਿਕ ਕਾਰਜ ਲਈ ਉਨ੍ਹਾਂ ਨੂੰ ਵਧਾਈ ਦਿੱਤੀ। ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਵਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸਲਾਹੁਤਾ ਕੀਤੀ।