- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਿਡ-ਡੇ-ਮੀਲ ਵਰਕਰਾਂ ਦਾ ਮਾਣਭੱਤਾ ਅਦਾ ਨਾ ਕਰਨਾ ਮੰਦਭਾਗਾ: ਅਮਰਜੀਤ ਸਿੰਘ ਢਾਡੇਕਟਵਾਲ

ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ, ਮੁਕੇਰੀਆਂ : ਪੰਜਾਬ ਦੇ ਮਿਡ-ਡੇ-ਮੀਲ ਵਰਕਰਾਂ ਨੂੰ ਪਿਛਲੇ ਤਿੰਨ ਮਹੀਨਿਆਂ ਤੋਂ ਮਾਣਭੱਤਾ ਨਾ ਮਿਲਣ ਦਾ ਮੁੱਦਾ ਉਠਾਉਂਦਿਆਂ ਕਾਂਗਰਸ ਕਿਸਾਨ ਸੈੱਲ ਜ਼ਿਲ੍ਹਾ ਹੁਸ਼ਿਆਰਪੁਰ ਦੇ ਪ੍ਰਧਾਨ ਅਮਰਜੀਤ ਸਿੰਘ ਢਾਡੇਕਟਵਾਲ ਨੇ ਇਸ ਨੂੰ ਮੰਦਭਾਗਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਮਿਡ-ਡੇ-ਮੀਲ ਵਰਕਰਾਂ ਦੇ ਮਾਣਭੱਤੇ ਵਿੱਚ ਵਾਧਾ ਕਰਨ ਦੇ ਵਾਅਦੇ ਕੀਤੇ ਗਏ ਸਨ, ਜਦਕਿ ਵਰਕਰਾਂ ਨੂੰ ਸਮੇਂ ਸਿਰ ਲਾਗੂ ਮਾਣਭੱਤਾ ਵੀ ਨਹੀਂ ਮਿਲ ਰਿਹਾ। ਵਰਕਰ ਸਕੂਲਾਂ ਵਿੱਚ ਬੱਚਿਆਂ ਲਈ ਭੋਜਨ ਤਿਆਰ ਕਰਨ ਤੋਂ ਇਲਾਵਾ ਕਈ ਹੋਰ ਜ਼ਿੰਮੇਵਾਰੀਆਂ ਵੀ ਨਿਭਾਉਂਦੀਆਂ ਹਨ ਅਤੇ ਉਨ੍ਹਾਂ ਉੱਤੇ ਕੰਮ ਦਾ ਬੋਝ ਵੀ ਵਧ ਰਿਹਾ ਹੈ। ਕੁੱਕ-ਕਮ-ਹੈਲਪਰਾਂ ਨੂੰ ਪੰਜਾਬ ਵਿੱਚ ਕੁੱਲ 3 ਹਜ਼ਾਰ ਰੁਪਏ ਮਾਸਿਕ ਮਾਣਭੱਤਾ ਮਿਲ ਰਿਹਾ ਹੈ, ਜਦਕਿ ਗੁਆਂਢੀ ਰਾਜਾਂ ਸਮੇਤ ਕਈ ਹੋਰ ਰਾਜਾਂ ਵਿੱਚ ਇਹ ਰਕਮ ਪੰਜਾਬ ਨਾਲੋਂ ਦੁੱਗਣੀ ਹੈ। ਉਨ੍ਹਾਂ ਰੋਸ ਪ੍ਰਗਟਾਇਆ ਕਿ ਦਿਨ-ਰਾਤ ਮਿਹਨਤ ਕਰਨ ਵਾਲੀਆਂ ਮਾਵਾਂ-ਭੈਣਾਂ ਨੂੰ ਮਹਿਜ਼ 3 ਹਜ਼ਾਰ ਰੁਪਏ ਮਾਸਿਕ ਮਾਣਭੱਤਾ ਦੇਣਾ ਸਰਕਾਰ ਦੇ ‘ਮਾਵਾਂ-ਭੈਣਾਂ ਦੇ ਸਤਿਕਾਰ’ ਦੇ ਦਾਅਵਿਆਂ ’ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਢਾਡੇਕਟਵਾਲ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਤਿੰਨ ਮਹੀਨਿਆਂ ਤੋਂ ਬਕਾਇਆ ਮਾਣਭੱਤਾ ਤੁਰੰਤ ਜਾਰੀ ਕੀਤਾ ਜਾਵੇ ਅਤੇ ਵਰਕਰਾਂ ਦੀਆਂ ਹੋਰ ਮੰਗਾਂ ’ਤੇ ਵੀ ਗੰਭੀਰਤਾ ਨਾਲ ਵਿਚਾਰ ਕਰਦਿਆਂ ਮਾਣਭੱਤੇ ਵਿੱਚ ਵਾਧਾ ਕੀਤਾ ਜਾਵੇ।