ਵੱਖ ਵੱਖ ਸੜਕ ਹਾਦਸਿਆਂ ’ਚ ਬਜ਼ੁਰਗ ਦੀ ਮੌਤ, 1 ਔਰਤ ਸਣੇ 2 ਜ਼ਖਮੀ ਵੱਖ ਵੱਖ ਸੜਕ ਹਾਦਸਿਆ ਚ ਬਜੁ਼ੁਰਗ ਦੀ ਮੌਤ , ਇੱਕ ਔਰਤ ਸਮੇਤ ਦੋ ਜ਼ਖਮੀ
Publish Date: Mon, 28 Sep 2026 05:29 PM (IST)
Updated Date: Tue, 29 Sep 2026 04:03 AM (IST)
ਸੁਰਿੰਦਰ ਢਿੱਲੋਂ, ਪੰਜਾਬੀ ਜਾਗਰਣ, ਟਾਂਡਾ ਉੜਮੁੜ : ਟਾਂਡਾ ਇਲਾਕੇ ’ਚ ਵਾਪਰੇ 3 ਵੱਖ ਵੱਖ ਸੜਕ ਹਾਦਸਿਆ ’ਚ ਇਕ ਬਜ਼ੁਰਗ ਵਿਅਕਤੀ ਦੀ ਮੌਤ ਹੋ ਗਈ ਜਦਕਿ ਇੱਕ ਔਰਤ ਸਮੇਤ ਦੋ ਲੋਕ ਜ਼ਖਮੀ ਹੋ ਗਏ। ਬਲਾਕ ਟਾਂਡਾ ਦੇ ਪਿੰਡ ਮਿਆਣੀ ਵਿਖੇ ਤੇਜ਼ ਰਫ਼ਤਾਰ ਮੋਟਰਸਾਈਕਲ ਦੀ ਲਪੇਟ ’ਚ ਆਉਣ ਕਾਰਨ ਇੱਕ ਬਜ਼ੁਰਗ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਬਜ਼ੁਰਗ ਦੀ ਪਛਾਣ ਚਰਨ ਸਿੰਘ ਫੱਜੂ ਪੁੱਤਰ ਫਕੀਰ ਸਿੰਘ ਵਾਸੀ ਮਿਆਣੀ ਵਜੋਂ ਹੋਈ ਹੈ, ਜਦਕਿ ਇਸ ਹਾਦਸੇ ’ਚ ਮੋਟਰਸਾਈਕਲ ਸਵਾਰ ਨੌਜਵਾਨ ਵੀ ਜ਼ਖ਼ਮੀ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਚਰਨ ਸਿੰਘ ਸਵੇਰੇ ਆਪਣੇ ਪਸ਼ੂਆਂ ਲਈ ਚਾਰਾ ਲੈ ਕੇ ਹਵੇਲੀ ਤੋਂ ਘਰ ਵੱਲ ਪਰਤ ਰਹੇ ਸਨ। ਇਸ ਦੌਰਾਨ ਤੇਜ਼ ਰਫ਼ਤਾਰ ਮੋਟਰਸਾਈਕਲ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਟੱਕਰ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਆਸ-ਪਾਸ ਦੇ ਲੋਕਾਂ ਨੇ ਉਨ੍ਹਾਂ ਨੂੰ ਸਰਕਾਰੀ ਹਸਪਤਾਲ ਟਾਂਡਾ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ ’ਤੇ ਪਹੁੰਚੀ ਤੇ ਮ੍ਰਿਤਕ ਦੀ ਲਾਸ਼ ਆਪਣੇ ਕਬਜ਼ੇ ’ਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ। ਇਹ ਦੂਜਾ ਹਾਦਸਾ ਟਰੱਕ ਯੂਨੀਅਨ ਟਾਂਡਾ ਨੇੜੇ ਹਾਈਵੇ ’ਤੇ ਉਸ ਵੇਲੇ ਵਾਪਰਿਆ ਜਦੋਂ ਇੱਕ ਅਣਪਛਾਤੇ ਟਰੱਕ ਨੇ ਇੱਕ ਕਾਰ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਜਾ ਟਕਰਾਈ ਤੇ ਬੁਰੀ ਤਰ੍ਹਾਂ ਨੁਕਸਾਨੀ ਗਈ। ਹਾਦਸੇ ’ਚ ਵਾਹਨ ਚਾਲਕ ਬਲਜਿੰਦਰ ਸਿੰਘ ਪੁੱਤਰ ਦਲਜੀਤ ਸਿੰਘ ਵਾਸੀ ਪਨਵਾ ਵਾਲ-ਵਾਲ ਬਚ ਗਿਆ। ਸੜਕ ਸੁਰੱਖਿਆ ਫੋਰਸ ਦੇ ਏਐੱਸਆਈ ਬਲਜੀਤ ਸਿੰਘ, ਰਵਿੰਦਰ ਸਿੰਘ ਤੇ ਰੁਚਿਕਾ ਡਡਵਾਲ ਨੇ ਮੌਕੇ ’ਤੇ ਪਹੁੰਚ ਕੇ ਸਹਾਇਤਾ ਕੀਤੀ ਤੇ ਨੁਕਸਾਨੀ ਗੱਡੀ ਨੂੰ ਸੜਕ ਤੋਂ ਹਟਵਾਇਆ। ਇਸੇ ਤਰ੍ਹਾਂ ਤੀਜੇ ਹਾਦਸੇ ਮੁਤਾਬਕ ਬੀਤੀ ਰਾਤ ਸੰਤ ਰੰਗੀ ਰਾਮ ਹਸਪਤਾਲ ਨੇੜੇ ਮਹਿੰਦਰਾ ਪਿਕਅੱਪ ਦੀ ਲਪੇਟ ’ਚ ਆਉਣ ਕਾਰਨ ਈ-ਰਿਕਸ਼ਾ ਸਵਾਰ ਇੱਕ ਔਰਤ ਜ਼ਖ਼ਮੀ ਹੋ ਗਈ। ਜ਼ਖ਼ਮੀ ਔਰਤ ਦੀ ਪਛਾਣ ਮਨਜੀਤ ਕੌਰ ਪਤਨੀ ਰੋਸ਼ਨ ਲਾਲ ਵਾਸੀ ਜਾਜਾ ਵਜੋਂ ਹੋਈ ਹੈ। ਉਸ ਨੂੰ ਟਾਂਡਾ ਦੇ ਵੇਵਜ਼ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਹ ਜੇਰੇ ਇਲਾਜ ਹੈ। ਟਾਂਡਾ ਪੁਲਿਸ ਵੱਲੋ ਹਾਦਸਿਆਂ ਦੀ ਜਾਂਚ ਕੀਤੀ ਜਾ ਰਹੀ ਹੈ।