ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਮੋਟਰਸਾਈਕਲ ਰੈਲੀ ਕੱਢੀ ਸ਼ਹੀਦ ਭਗਤ ਸਿੰਘ ਦੇ 119ਵੇਂ ਜਨਮਦਿਨ ਮੌਕੇ ਮੋਟਰਸਾਈਕਲ ਰੈਲੀ ਕੱਢੀ ਗਈ
Publish Date: Mon, 28 Sep 2026 04:18 PM (IST)
Updated Date: Tue, 29 Sep 2026 04:01 AM (IST)
ਦਲਵਿੰਦਰ ਸਿੰਘ ਮਨੋਚਾ, ਪੰਜਾਬੀ ਜਾਗਰਣ, ਗੜ੍ਹਸ਼ੰਕਰ : ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ 119ਵੇਂ ਜਨਮਦਿਨ ਮੌਕੇ ਭਾਰਤ ਦੀ ਜਨਵਾਦੀ ਨੌਜਵਾਨ ਸਭਾ ਡੀਵਾਈਐੱਫਆਈ ਤਹਿਸੀਲ ਗੜ੍ਹਸ਼ੰਕਰ ਵੱਲੋਂ ਬਾਬਾ ਗੁਰਦਿੱਤ ਸਿੰਘ ਪਾਰਕ ਆਨੰਦਪੁਰ ਸਾਹਿਬ ਰੋਡ ਤੋਂ ਸ਼ਹੀਦ ਭਗਤ ਸਿੰਘ ਸਮਾਰਕ ਬੱਸ ਸਟੈਂਡ ਤੱਕ ਮੋਟਰਸਾਈਕਲ ਰੈਲੀ ਕੱਢੀ ਗਈ। ਇਸ ਮੌਕੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਡੀਵਾਈਐੱਫਆਈ ਪੰਜਾਬ ਦੇ ਪ੍ਰਧਾਨ ਸੁਖਵਿੰਦਰ ਸਿੰਘ ਨਾਗੀ ਨੇ ਨੌਜਵਾਨਾਂ ਨੂੰ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਮੁਬਾਰਕਾਂ ਦਿੰਦੇ ਹੋਏ ਕਿਹਾ ਕਿ ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਜਿਸ ਸਮਾਜ ਦੀ ਸਿਰਜਣਾ ਲਈ ਕੁਰਬਾਨੀਆਂ ਕੀਤੀਆਂ ਸਨ ਉਨ੍ਹਾਂ ਦੇ ਸੁਪਨੇ ਅੱਜ ਵੀ ਅਧੂਰੇ ਹਨ।ਅੱਜ ਵੀ ਕਿਸਾਨਾਂ ਕੋਲੋਂ ਜ਼ਮੀਨਾਂ ਖੋਹਣ ਲਈ ਅਤੇ ਮਜ਼ਦੂਰਾਂ ਕੋਲੋਂ ਕਾਨੂੰਨੀ ਹੱਕ ਖੋਹਣ ਲਈ ਕਾਰਪੋਰੇਟ ਪੱਖੀ ਸਰਕਾਰਾਂ ਵੱਲੋਂ ਲੋਕ ਵਿਰੋਧੀ ਅਤੇ ਦੇਸ਼ ਵਿਰੋਧੀ ਨੀਤੀਆਂ ਬਣਾਈਆਂ ਗਈਆਂ ਹਨ। ਵਿੱਦਿਆ ਦਾ ਵਪਾਰੀਕਰਨ, ਨਿਜੀਕਰਨ ਅਤੇ ਭਗਵਾਂਕਰਨ ਕੀਤਾ ਗਿਆ ਹੈ। ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਦਿੱਤਾ ਜਾ ਰਿਹਾ, ਪੇਂਡੂ ਮਜ਼ਦੂਰਾਂ ਕੋਲੋਂ ਉਨ੍ਹਾਂ ਦੀ ਆਸ ਦੀ ਕਿਰਨ ਮਨਰੇਗਾ ਕਾਨੂੰਨ ਨੂੰ ਖ਼ਤਮ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇਨ੍ਹਾਂ ਲੋਕ ਵਿਰੋਧੀ ਨੀਤੀਆਂ ਵਿਰੁੱਧ ਲੜਨਾ ਪਵੇਗਾ ਅਤੇ ਲੜਨ ਵਾਸਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣਾ ਪਵੇਗਾ। ਉਨ੍ਹਾਂ ਕਿਹਾ ਕਿ ਨਰੋਏ ਸਮਾਜ ਦੀ ਸਿਰਜਣਾ ਲਈ ਨਰੋਈ ਸਿਹਤ ਜ਼ਰੂਰੀ ਹੈ । ਉਨ੍ਹਾਂ ਕਿਹਾ ਕਿ ਜਿਵੇਂ ਸ਼ਹੀਦ ਭਗਤ ਸਿੰਘ ਨੇ ਕਿਹਾ ਸੀ ਕਿ ਜਦ ਤੱਕ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖਤਮ ਨਹੀਂ ਹੋ ਜਾਂਦੀ ਸਾਡੀ ਜੰਗ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਅੱਜ ਵੀ ਸ਼ਹੀਦਾਂ ਦੀ ਜੰਗ ਜਾਰੀ ਹੈ ਅਤੇ ਉਸ ਨੂੰ ਮੰਜ਼ਿਲ ਤੱਕ ਲੈ ਕੇ ਜਾਵਾਂਗੇ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੀ ਨੌਜਵਾਨ ਅਤੇ ਵਿਦਿਆਰਥੀ ਵਿਰੋਧੀ ਨੀਤੀਆਂ ਵਿਰੁੱਧ ਅਤੇ ਨੌਜਵਾਨਾਂ ਵਿਦਿਆਰਥੀਆਂ ਦੀਆਂ ਮੰਗਾਂ ਸਭ ਲਈ ਵਿੱਦਿਆ ਤੇ ਰੁਜ਼ਗਾਰ ਦਾ ਅਧਿਕਾਰ ਸੰਵਿਧਾਨ ਦੇ ਮੌਲਿਕ ਅਧਿਕਾਰਾਂ ਵਿੱਚ ਸ਼ਾਮਲ ਕਰਵਾਉਣ ਲਈ, ਸਾਰੇ ਨੌਜਵਾਨਾਂ ਨੂੰ ਪੱਕਾ ਅਤੇ ਸਨਮਾਨਯੋਗ ਰੁਜ਼ਗਾਰ ਦਿਵਾਉਣ ਲਈ, ਮਨਰੇਗਾ ਕਾਨੂੰਨ ਮੁੜ ਬਹਾਲ ਕਰਵਾਉਣ ਲਈ ਅਤੇ ਪ੍ਰੀਖਿਆ ਪ੍ਰਣਾਲੀ ਵਿੱਚ ਸੁਧਾਰ ਕਰਵਾਉਣ ਲਈ ਡੀਵਾਈਐੱਫਆਈ ਵੱਲੋਂ 2 ਅਕਤੂਬਰ ਨੂੰ ਜੰਤਰ ਮੰਤਰ ਨਵੀਂ ਦਿੱਲੀ ਵਿਖੇ ਕੀਤੀ ਜਾ ਰਹੀ ਰੈਲੀ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਇਸ ਮੌਕੇ ਜਸਕਰਨ ਸਿੰਘ, ਅਮਰਪ੍ਰੀਤ ਸਿੰਘ, ਗੁਰਵਿੰਦਰ ਸਿੰਘ, ਜੁਗਰਾਜ ਸਿੰਘ, ਜੋਤ ਸਿੰਘ, ਰਜਤ ਮਹਿੰਦਵਾਣੀ, ਰਾਜੂ ਕਰੀਮਪੁਰੀ, ਨਵੀ ਗੜ੍ਹਸ਼ੰਕਰ, ਦਰਸ਼ਨ ਸਿੰਘ ਮੱਟੂ ਸਾਬਕਾ ਸੂਬਾ ਪ੍ਰਧਾਨ ਡੀਵਾਈਐੱਫਆਈ, ਗੁਰਨੇਕ ਸਿੰਘ ਭੱਜਲ ਸਾਬਕਾ ਸੂਬਾ ਮੀਤ ਪ੍ਰਧਾਨ ਡੀਵਾਈਐੱਫਆਈ, ਕਿਸ਼ੋਰ ਕੁਮਾਰ ਸਾਬਕਾ ਸੂਬਾ ਪ੍ਰਧਾਨ ਡੀਵਾਈਐੱਫ ਜੰਮੂ ਕਸ਼ਮੀਰ, ਕੁਲਵਿੰਦਰ ਸਿੰਘ ਸੰਘਾ ਸਾਬਕਾ ਸੂਬਾ ਮੀਤ ਪ੍ਰਧਾਨ ਡੀਵਾਈਐੱਫਆਈ, ਰਵਿੰਦਰ ਕੁਮਾਰ ਨੀਟਾ, ਕੁਲਭੂਸ਼ਨ ਸਿੰਘ, ਬਲਵੰਤ ਸਿੰਘ, ਰਾਮਜੀ ਦਾਸ ਆਦਿ ਹਾਜ਼ਰ ਸਨ।