ਨਸ਼ੇ ਤੋਂ ਪ੍ਰਭਾਵਿਤ ਪਰਿਵਾਰਾਂ ਭਾਜਪਾ ਆਗੂਆਂ ਨੂੰ ਸੁਣਾਇਆ ਦੁੱਖੜਾ ਨਸ਼ੇ ਤੋਂ ਪ੍ਰਭਾਵਿਤ ਪਰਿਵਾਰਾਂ ਭਾਜਪਾ ਆਗੂਆਂ ਨੂੰ ਸੁਣਾਇਆ ਦੁੱਖੜਾ
Publish Date: Mon, 28 Sep 2026 04:09 PM (IST)
Updated Date: Tue, 29 Sep 2026 04:01 AM (IST)
18 ਸਾਲਾ ਨੌਜਵਾਨ ਦੀ ਨਸ਼ੇ ਕਾਰਨ ਮੌਤ, ਦੋ ਪੁੱਤਰ ਨਸ਼ੇ ਦੀ ਲਪੇਟ ’ਚ ਪਰਿਵਾਰਾਂ ਨੇ ਕਿਹਾ- ਪਿੰਡ ਵਿੱਚ ਸ਼ਰੇਆਮ ਵਿਕ ਰਿਹਾ ਨਸ਼ਾ ਸੁਰਿੰਦਰ ਢਿੱਲੋਂ, ਪੰਜਾਬੀ ਜਾਗਰਣ, ਟਾਂਡਾ ਉੜਮੁੜ : ਨਸ਼ਾ ਮੁਕਤ ਪੰਜਾਬ ਯਾਤਰਾ ਦੌਰਾਨ ਸੋਮਵਾਰ ਸਵੇਰੇ ਟਾਂਡਾ ਵਿਧਾਨ ਸਭਾ ਹਲਕੇ ਦੇ ਨਸ਼ੇ ਤੋਂ ਪ੍ਰਭਾਵਿਤ ਦੋ ਪਰਿਵਾਰਾਂ ਨੇ ਭਾਜਪਾ ਆਗੂਆਂ ਨਾਲ ਮੀਟਿੰਗ ਕਰਕੇ ਆਪਣੀ ਪੀੜਾ ਸਾਂਝੀ ਕੀਤੀ। ਪਰਿਵਾਰਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਪਿੰਡਾਂ ਵਿੱਚ ਸ਼ਰੇਆਮ ਨਸ਼ਾ ਵਿਕ ਰਿਹਾ ਹੈ ਅਤੇ ਵਾਰ-ਵਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਨਸ਼ੇ ਦੀ ਸਪਲਾਈ ’ਤੇ ਪੂਰੀ ਤਰ੍ਹਾਂ ਰੋਕ ਨਹੀਂ ਲੱਗ ਰਹੀ। ਇਸ ਮੀਟਿੰਗ ਵਿੱਚ ਭਾਜਪਾ ਦੇ ਹੁਸ਼ਿਆਰਪੁਰ ਇੰਚਾਰਜ ਰਾਕੇਸ਼ ਕੁਮਾਰ, ਦਿਹਾਤੀ ਜ਼ਿਲ੍ਹਾ ਪ੍ਰਧਾਨ ਸੰਜੀਵ ਮਨਹਾਸ, ਰੈਲੀ ਇੰਚਾਰਜ ਜਵਾਹਰ ਲਾਲ ਖੁਰਾਣਾ, ਵਿਧਾਨ ਸਭਾ ਕੋਆਰਡੀਨੇਟਰ ਸੁਰਿੰਦਰ ਜਾਜਾ, ਦਿਹਾਤੀ ਜ਼ਿਲ੍ਹਾ ਕੋਆਰਡੀਨੇਟਰ ਚਰਨਜੀਤ ਸਿੰਘ ਸਮੇਤ ਹੋਰ ਆਗੂ ਮੌਜੂਦ ਸਨ। ਇਸ ਮੌਕੇ ਦੁੱਖੜਾ ਸੁਣਾਉਂਦੇ ਹੋਏ ਪੀੜਤ ਪਰਿਵਾਰਾਂ ਪਿਆਰੋ ਪਤਨੀ ਬਸ਼ੀਰ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚ ਨਸ਼ਾ ਸ਼ਰੇਆਮ ਵਿਕਦਾ ਹੈ। ਉਨ੍ਹਾਂ ਦੇ ਦਿਓਰ ਦੀ ਉਮਰ ਮਹਿਜ਼ 18 ਸਾਲ ਸੀ ਅਤੇ ਨਸ਼ੇ ਦੇ ਸੇਵਨ ਕਾਰਨ ਉਸ ਦੀ ਮੌਤ ਹੋ ਗਈ, ਜਿਸ ਦਾ ਦਰਦ ਅੱਜ ਵੀ ਉਨ੍ਹਾਂ ਨੂੰ ਸਤਾ ਰਿਹਾ ਹੈ। ਇਸੇ ਦੌਰਾਨ ਇੱਕ ਹੋਰ ਔਰਤ ਨੇ ਦੱਸਿਆ ਕਿ ਉਸ ਦੇ ਦੋਵੇਂ ਪੁੱਤਰ ਨਸ਼ੇ ਦੀ ਲਪੇਟ ਵਿੱਚ ਹਨ ਜਿਸ ਕਾਰਨ ਪੂਰਾ ਪਰਿਵਾਰ ਮਾਨਸਿਕ ਅਤੇ ਸਮਾਜਿਕ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਿਹਾ ਹੈ। ਇਸ ਮੌਕੇ ਪਿੰਡ ਦੀ ਪੰਚਾਇਤ ਮੈਂਬਰ ਪਰਮਜੀਤ ਕੌਰ ਪਤਨੀ ਸੋਨੂੰ ਨੇ ਦੋਸ਼ ਲਾਇਆ ਕਿ ਪਿੰਡ ਵਿੱਚ ਨਸ਼ੇ ਦੀ ਵਿਕਰੀ ਇੰਨੀ ਜ਼ਿਆਦਾ ਹੈ ਕਿ ਪਰਿਵਾਰਾਂ ਲਈ ਆਪਣੇ ਬੱਚਿਆਂ ਨੂੰ ਇਸ ਤੋਂ ਬਚਾਉਣਾ ਮੁਸ਼ਕਿਲ ਹੋ ਗਿਆ ਹੈ। ਨਸ਼ੇ ਦੀ ਵਿਕਰੀ ਸਬੰਧੀ ਪੁਲਿਸ ਨੂੰ ਕਈ ਵਾਰ ਜਾਣਕਾਰੀ ਦਿੱਤੀ ਜਾ ਚੁੱਕੀ ਹੈ ਪਰ ਜਦੋਂ ਪੁਲਿਸ ਕਾਰਵਾਈ ਕਰਨ ਲਈ ਪਹੁੰਚਦੀ ਹੈ ਤਾਂ ਨਸ਼ੇ ਦੀ ਸਪਲਾਈ ਕਰਨ ਵਾਲੇ ਲੋਕ ਮੌਕੇ ਤੋਂ ਫਰਾਰ ਹੋ ਜਾਂਦੇ ਹਨ, ਜਦਕਿ ਕਈ ਵਾਰ ਨਸ਼ਾ ਕਰਨ ਵਾਲਿਆਂ ਨੂੰ ਫੜ ਕੇ ਉਨ੍ਹਾਂ ਖ਼ਿਲਾਫ਼ ਮਾਮਲੇ ਦਰਜ ਕਰ ਦਿੱਤੇ ਜਾਂਦੇ ਹਨ ਪਰ ਨਸ਼ੇ ਦੀ ਸਪਲਾਈ ਕਰਨ ਵਾਲਿਆਂ ਖ਼ਿਲਾਫ਼ ਪ੍ਰਭਾਵਸ਼ਾਲੀ ਕਾਰਵਾਈ ਨਹੀਂ ਹੋ ਰਹੀ। ਨਸ਼ੇ ਤੋਂ ਪ੍ਰਭਾਵਿਤ ਪਰਿਵਾਰਾਂ ਨੇ ਭਾਜਪਾ ਆਗੂਆਂ ਤੋਂ ਨਸ਼ੇ ਦੀ ਸਪਲਾਈ ’ਤੇ ਰੋਕ ਲਗਾਉਣ ਅਤੇ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਵਿੱਚੋਂ ਬਾਹਰ ਕੱਢਣ ਲਈ ਪ੍ਰਭਾਵਸ਼ਾਲੀ ਕਾਰਵਾਈ ਕਰਨ ਦੀ ਮੰਗ ਕੀਤੀ।