- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਯਾਦਗਾਰੀ ਹੋ ਨਿਬੜਿਆ ਬਾਬਾ ਸ਼੍ਰੀ ਚੰਦ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਸਰਬ ਧਰਮ ਸੰਮੇਲਨ

ਸੁਰਿੰਦਰ ਢਿੱਲੋਂ, ਪੰਜਾਬੀ ਜਾਗਰਣ
ਟਾਂਡਾ ਉੜਮੁੜ : ਗੁਰਦੁਆਰਾ ਗੁਰੂ ਨਾਨਕ ਦਰਬਾਰ ਅਸਥਾਨ ਬਾਬਾ ਸ਼੍ਰੀ ਚੰਦ ਜੀ ਟਾਂਡਾ ਉੜਮੁੜ ਵਿਖੇ ਬਾਬਾ ਸ਼੍ਰੀ ਚੰਦ ਜੀ ਦੇ 532ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਇਆ ਸਾਲਾਨਾ ਸਰਬ ਧਰਮ ਸੰਮੇਲਨ ਪੂਰਨ ਮਰਿਆਦਾ ਅਨੁਸਾਰ ਯਾਦਗਾਰੀ ਹੋ ਨਿੱਬੜਿਆ। ਮੁੱਖ ਪ੍ਰਬੰਧਕ ਸੇਵਾਦਾਰ ਬਾਬਾ ਸੁਖਦੇਵ ਸਿੰਘ ਜੀ ਬੇਦੀ ਸੋਲਵੀਂ ਸੰਤਾਨ ਸ਼੍ਰੀ ਗੁਰੂ ਨਾਨਕ ਦੇਵ ਜੀ ਅੰਸ ਵੰਸ ਦਰਬਾਰ ਸ੍ਰੀ ਚੋਲਾ ਸਾਹਿਬ ਡੇਰਾ ਬਾਬਾ ਨਾਨਕ ਵਾਲਿਆਂ ਦੀ ਅਗਵਾਈ ਅਤੇ ਸੇਵਾਦਾਰ ਬਾਬਾ ਸੁਖਵਿੰਦਰ ਸਿੰਘ ਬੇਦੀ ਦੀ ਦੇਖ-ਰੇਖ ਵਿੱਚ ਕਰਵਾਏ ਗਏ ਇਸ ਧਾਰਮਿਕ ਸਰਬ ਧਰਮ ਸਮਾਗਮ ਦੌਰਾਨ ਸਭ ਤੋਂ ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਇਸ ਮੌਕੇ ਵੱਡੀ ਗਿਣਤੀ ਵਿੱਚ ਸਾਧੂ ਸੰਪਰਦਾਇ ਦੇ ਸੰਤਾਂ ਮਹਾਪੁਰਸ਼ਾਂ ਵੱਖ-ਵੱਖ ਧਰਮਾਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ। ਇਸ ਧਾਰਮਿਕ ਸਮਾਗਮ ਮੌਕੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਵਿਸ਼ੇਸ਼ ਤੌਰ ’ਤੇ ਇਸ ਸਮਾਗਮ ਵਿੱਚ ਹਾਜ਼ਰੀ ਭਰੀ ਅਤੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਅਸਥਾਨ ਬਾਬਾ ਸ਼੍ਰੀ ਚੰਦ ਜੀ ਵਿਖੇ ਨਤਮਸਤਕ ਹੋਏ।
ਇਸ ਮੌਕੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸੰਤ ਬਾਬਾ ਸੁਖਦੇਵ ਸਿੰਘ ਬੇਦੀ ਤੇ ਸਮੂਹ ਸੰਗਤ ਨੂੰ ਬਾਬਾ ਸ਼੍ਰੀ ਚੰਦ ਜੀ ਦੇ 532ਵੇਂ ਪ੍ਰਕਾਸ਼ ਉਤਸਵ ਤੇ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਸਾਨੂੰ ਬਾਬਾ ਸ਼੍ਰੀ ਚੰਦ ਜੀ ਵੱਲੋਂ ਦਿਖਾਏ ਰਸਤੇ ’ਤੇ ਚੱਲਣਾ ਚਾਹੀਦਾ ਹੈ ਤੇ ਬਾਬਾ ਜੀ ਦੀਆਂ ਸਿੱਖਿਆਵਾਂ ਨੂੰ ਅਮਲ ਵਿੱਚ ਲਿਆਉਣਾ ਚਾਹੀਦਾ ਹੈ। ਇਸ ਮੌਕੇ ਨਾਇਬ ਸੈਣੀ ਨੇ ਬਾਬਾ ਸੁਖਦੇਵ ਸਿੰਘ ਬੇਦੀ ਅਤੇ ਉਨ੍ਹਾਂ ਦੇ ਸਮੂਹ ਪਰਿਵਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਅਤੇ ਪ੍ਰਸਾਰ ਕਰਨ ਦੇ ਨਾਲ-ਨਾਲ ਜੋ ਸਮਾਜ ਸੇਵੀ ਕਾਰਜ ਕੀਤੇ ਜਾ ਰਹੇ ਹਨ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਬਾਬਾ ਸੁਖਦੇਵ ਸਿੰਘ ਵੇਦੀ ਵੱਲੋਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਪਹੁੰਚੀਆਂ ਹੋਰਨਾਂ ਸ਼ਖ਼ਸੀਅਤਾਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕਰਦਿਆਂ ਸਨਮਾਨ ਕੀਤਾ। ਸਮਾਗਮ ਵਿੱਚ ਬਾਬਾ ਗੁਰਿੰਦਰ ਸਿੰਘ ਮਾਂਡੀ ਸਾਹਿਬ ਵਾਲੇ, ਜਮਾਤ-ਏ-ਅਹਿਮਦੀਆ ਕਾਦੀਆਂ ਤੋਂ ਮੁਸਲਿਮ ਭਾਈਚਾਰੇ, ਹਿੰਦੂ ਧਰਮ ਤੋਂ ਵੱਖ-ਵੱਖ ਨੁਮਾਇੰਦੇ, ਸਾਬਕਾ ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ, ਭਾਰਤੀ ਸੈਨਾ ਦੇ ਸਾਬਕਾ ਮੁਖੀ ਗੁਰਪ੍ਰੀਤ ਸਿੰਘ, ਸਾਬਕਾ ਮੰਤਰੀ ਚੌਧਰੀ ਬਲਵੀਰ ਸਿੰਘ ਮਿਆਣੀ, ਭਾਜਪਾ ਆਗੂ ਜਵਾਹਰ ਖੁਰਾਣਾ, ਭਾਜਪਾ ਮੰਡਲ ਟਾਂਡਾ ਦੇ ਪ੍ਰਧਾਨ ਪ੍ਰਿੰਸ ਜੌਲੀ, ਪ੍ਰਧਾਨ ਸਰਬਜੀਤ ਸਿੰਘ ਮੋਮੀ, ਸਰਪੰਚ ਕੁਲਵੰਤ ਵੀਰ ਸਿੰਘ ਘੁਮਾਣ, ਸਾਧਵੀ ਪ੍ਰਿਅੰਕਾ ਜੀ, ਡਾ. ਸੁਖਪ੍ਰੀਤ ਸਿੰਘ ਬੇਦੀ, ਡਾ. ਜਸ਼ਨ ਜੋਤ ਸਿੰਘ ਬੇਦੀ, ਡਾ. ਯੁਵਰਾਜ ਸਿੰਘ ਬੇਦੀ, ਪ੍ਰਧਾਨ ਨਾਜਰ ਸਿੰਘ ਸਹਿਬਾਜਪੁਰ, ਲਖਬੀਰ ਸਿੰਘ ਗਿੱਲਾਂ, ਕਿਰਪਾਲ ਸਿੰਘ ਪੰਡੋਰੀ ਆਦਿ ਵੀ ਹਾਜ਼ਰ ਸਨ।