ਟਾਂਡਾ ਚੂੜੀਆਂ ਡਰੇਨ ’ਚ ਕਥਿਤ ਰੁਕਾਵਟ ਪਾਉਣ ਦਾ ਮਾਮਲਾ ਗਰਮਾਇਆ ਟਾਂਡਾ ਚੂੜੀਆਂ ਡਰੇਨ ’ਚ ਕਥਿਤ ਰੁਕਾਵਟ ਪਾਉਣ ਦਾ ਮਾਮਲਾ ਗਰਮਾਇਆ
Publish Date: Sat, 26 Sep 2026 05:48 PM (IST)
Updated Date: Sat, 26 Sep 2026 05:51 PM (IST)
ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ ਮੁਕੇਰੀਆਂ : ਹਲਕਾ ਮੁਕੇਰੀਆਂ ਦੇ ਪਿੰਡ ਪੰਡੋਰੀ ਭਗਤ ਵਿਖੇ ਟਾਂਡਾ ਚੂੜੀਆਂ ਡਰੇਨ ਵਿੱਚ ਕਥਿਤ ਤੌਰ ’ਤੇ ਰਸਤਾ ਬਣਾਉਣ ਲਈ ਰੁਕਾਵਟ ਪੈਦਾ ਕਰਨ ਦਾ ਮਾਮਲਾ ਗਰਮਾ ਗਿਆ ਹੈ। ਜਿਸ ਸੰਬੰਧੀ ਕਾਲਜ ਪ੍ਰਬੰਧਨ ਵੱਲੋਂ ਡਰੇਨ ਦੇ ਕੁਦਰਤੀ ਵਹਾਅ ਵਿੱਚ ਵਿਘਨ ਪੈਣ ਅਤੇ ਆਸ-ਪਾਸ ਦੇ ਇਲਾਕੇ ਵਿੱਚ ਪਾਣੀ ਭਰਨ ਦਾ ਖ਼ਦਸ਼ਾ ਜਤਾਇਆ ਗਿਆ ਹੈ। ਮਾਡਰਨ ਗਰੁੱਪ ਆਫ਼ ਕਾਲਜਿਸ ਪੰਡੋਰੀ ਭਗਤ ਮੁਕੇਰੀਆਂ ਦੇ ਚੇਅਰਮੈਨ ਸੁਰਜੀਤ ਸਿੰਘ ਨੇ ਦੱਸਿਆ ਕਿ ਕਾਲਜ ਕੈਂਪਸ ਦੀ ਜ਼ਮੀਨ ਵਿੱਚ ਸਾਲ 2013 ਦੌਰਾਨ ਜਲ ਨਿਕਾਸ ਮੰਡਲ, ਹੁਸ਼ਿਆਰਪੁਰ ਦੀ ਪ੍ਰਵਾਨਗੀ ਉਪਰੰਤ 25 ਫੁੱਟ ਚੌੜੀ, 10 ਫੁੱਟ ਡੂੰਘੀ ਅਤੇ 450 ਫੁੱਟ ਲੰਬੀ ਆਰਸੀਸੀ ਡਰੇਨ ਬਣਾਈ ਗਈ ਸੀ। ਉਨ੍ਹਾਂ ਅਨੁਸਾਰ ਵਿਭਾਗ ਵੱਲੋਂ ਉਸ ਸਮੇਂ ਸ਼ਰਤ ਰੱਖੀ ਗਈ ਸੀ ਕਿ ਡਰੇਨ ਦੇ ਨਿਰਮਾਣ ਜਾਂ ਰਸਤਾ ਬਣਾਉਣ ਦੌਰਾਨ ਇਸ ਦੇ ਕੁਦਰਤੀ ਵਹਾਅ ਵਿੱਚ ਕੋਈ ਰੁਕਾਵਟ ਨਾ ਪਾਈ ਜਾਵੇ। ਚੇਅਰਮੈਨ ਨੇ ਦੱਸਿਆ ਕਿ ਹੁਣ ਕਾਲਜ ਦੇ ਲਹਿੰਦੇ ਪਾਸੇ ਪੰਡੋਰੀ ਭਗਤ ਵਾਸੀ ਇੱਕ ਵਿਅਕਤੀ ਵੱਲੋਂ ਖੇਤਾਂ ਨੂੰ ਜਾਣ ਲਈ ਪੱਥਰ ਅਤੇ ਮਲਬਾ ਪਾ ਕੇ ਰਸਤਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਵਿਅਕਤੀ ਵੱਲੋਂ ਡਰੇਨ ਦੇ ਨਿਰਧਾਰਿਤ ਆਕਾਰ ਅਨੁਸਾਰ ਪ੍ਰਬੰਧ ਕਰਨ ਦੀ ਬਜਾਏ ਛੋਟੀਆਂ ਪਾਈਪਾਂ ਰਾਹੀਂ ਪਾਣੀ ਲੰਘਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਚੇਅਰਮੈਨ ਅਨੁਸਾਰ ਉਨ੍ਹਾਂ ਇਸ ਸਬੰਧੀ ਜਲ ਨਿਕਾਸ ਮੰਡਲ ਹੁਸ਼ਿਆਰਪੁਰ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਸੀ। ਇਸ ਉਪਰੰਤ ਹੁਸ਼ਿਆਰਪੁਰ ਡਰੇਨੇਜ਼-ਕਮ-ਮਾਈਨਿੰਗ ਡਵੀਜ਼ਨ ਵੱਲੋਂ ਪੰਜਾਬ ਕੈਨਾਲ ਐਂਡ ਡਰੇਨੇਜ਼ ਐਕਟ, 2023 ਤਹਿਤ ਸਬੰਧਿਤ ਵਿਅਕਤੀ ਨੂੰ ਨੋਟਿਸ ਜਾਰੀ ਕਰਕੇ ਡਰੇਨ ਵਿੱਚ ਰੁਕਾਵਟ ਪੈਦਾ ਕਰਨ, ਪੱਥਰ-ਮਲਬਾ ਪਾਉਣ ਅਤੇ ਬਿਨਾਂ ਅਧਿਕਾਰ ਤੰਗ ਪਾਈਪਾਂ ਵਿਛਾਉਣ ਤੋਂ ਰੋਕਿਆ ਗਿਆ। ਉਨ੍ਹਾਂ ਰੋਸ ਪ੍ਰਗਟਾਇਆ ਕਿ ਵਿਭਾਗੀ ਕਾਰਵਾਈ ਦੇ ਬਾਵਜੂਦ ਸਬੰਧਿਤ ਵਿਅਕਤੀ ਵੱਲੋਂ ਕੰਮ ਮੁੜ ਸ਼ੁਰੂ ਕਰ ਦਿੱਤਾ ਗਿਆ, ਜਦਕਿ ਵਿਭਾਗ ਵੱਲੋਂ ਸਥਾਨਕ ਪੁਲਿਸ ਦੀ ਸਹਾਇਤਾ ਵੀ ਲਈ ਗਈ ਸੀ। ਚੇਅਰਮੈਨ ਸੁਰਜੀਤ ਸਿੰਘ ਨੇ ਮੁੱਖ ਮੰਤਰੀ ਪੰਜਾਬ ਅਤੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਤੋਂ ਮੰਗ ਕੀਤੀ ਹੈ ਕਿ ਡਰੇਨ ਦਾ ਕੁਦਰਤੀ ਵਹਾਅ ਬਰਕਰਾਰ ਰੱਖਣ ਲਈ ਕਥਿਤ ਅਣਅਧਿਕਾਰਤ ਰੁਕਾਵਟਾਂ ਨੂੰ ਹਟਾਉਣ ਸਬੰਧੀ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇ। ਨਿਯਮਾਂ ਅਨੁਸਾਰ ਕਾਰਵਾਈ ਕੀਤੀ ਗਈ : ਐੱਸਡੀਓ ਹਰਜਿੰਦਰਪਾਲ ਸਿੰਘ ਜਦੋਂ ਇਸ ਸਬੰਧੀ ਐੱਸਡੀਓ ਡਰੇਨਜ਼ ਹਰਜਿੰਦਰਪਾਲ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ ਤੇ ਹੁਣ ਤੱਕ ਨਿਯਮਾਂ ਮੁਤਾਬਿਕ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਵਿਭਾਗ ਵੱਲੋਂ ਅਗਾਂਹ ਵੀ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਵਿਭਾਗ ਦੀ ਨੋਟੀਫਾਈ ਡਰੇਨ ਨਹੀਂ : ਐਕਸੀਅਨ ਤੁਸ਼ਾਰ ਗੋਇਲ ਮਾਮਲੇ ਸਬੰਧੀ ਐਕਸੀਅਨ ਡਰੇਨਜ਼ ਤੁਸ਼ਾਰ ਗੋਇਲ ਨੇ ਕਿਹਾ ਕਿ ਸ਼ਿਕਾਇਤ ਮਿਲਦਿਆਂ ਹੀ ਉਨ੍ਹਾਂ ਵੱਲੋਂ ਡਰੇਨਜ਼ ਐਕਟ ਤਹਿਤ ਕਾਰਵਾਈ ਗਈ ਸੀ, ਜਿਸ ਲਈ ਪੁਲਿਸ ਪ੍ਰਸ਼ਾਸਨ ਦੀ ਮਦਦ ਵੀ ਲਈ ਗਈ। ਇਸ ਮਗਰੋਂ ਸਬੰਧਿਤ ਧਿਰ ਵੱਲੋਂ ਵਿਭਾਗ ਨੂੰ ਡਰੇਨ ਦੇ ਨਿੱਜੀ ਹੋਣ ਬਾਰੇ ਤਰਕ ਦਿੰਦੇ ਹੋਏ ਕਾਨੂੰਨੀ ਨੋਟਿਸ ਭੇਜ ਦਿੱਤਾ ਗਿਆ ਹੈ, ਜਿਸ ਸਬੰਧੀ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਉਕਤ ਡਰੇਨ ਵਿਭਾਗ ਦੀ ਨੋਟੀਫਾਈ ਡਰੇਨ ਨਹੀਂ ਹੈ। ਨਿੱਜੀ ਜਾਇਦਾਦ ਨੂੰ ਰਸਤਾ ਕੱਢਿਆ ਜਾ ਰਿਹਾ : ਰਣਬੀਰ ਸਿੰਘ ਇਸ ਸਬੰਧੀ ਸੰਪਰਕ ਕਰਨ ਉੱਤੇ ਪੰਡੋਰੀ ਭਗਤ ਵਾਸੀ ਰਣਬੀਰ ਸਿੰਘ ਨੇ ਸਾਰੇ ਦੋਸ਼ਾਂ ਨੂੰ ਨਕਾਰਦੇ ਹੋਏ ਦੱਸਿਆ ਕਿ ਉਕਤ ਜ਼ਮੀਨ ਉਨ੍ਹਾਂ ਦੀ ਨਿੱਜੀ ਅਤੇ ਪੁਸ਼ਤੈਨੀ ਜਾਇਦਾਦ ਹੈ ਤੇ ਉਹ ਆਪਣੇ ਖੇਤਾਂ ਵੱਲ ਰਸਤਾ ਕੱਢ ਰਹੇ ਹਨ। ਉਨ੍ਹਾਂ ਦੱਸਿਆ ਕਿ ਡਰੇਨ ਦੇ ਪਾਣੀ ਦੀ ਨਿਕਾਸੀ ਲਈ ਬਕਾਇਦਾ ਤੌਰ ’ਤੇ ਵੱਡੀਆਂ ਪਾਈਪਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ।