- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡੇਂਗੂ ਰੋਕਥਾਮ ਲਈ ਐਂਟੀ-ਲਾਰਵਾ ਗਤੀਵਿਧੀਆਂ

ਗਗਨਪ੍ਰੀਤ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਸਿਵਲ ਸਰਜਨ ਡਾ. ਮਨਦੀਪ ਕਮਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡੇਂਗੂ ਅਤੇ ਹੋਰ ਵੈਕਟਰ ਜਨਿਤ ਬਿਮਾਰੀਆਂ ਦੀ ਰੋਕਥਾਮ ਲਈ ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ਵਿੱਚ ਲਗਾਤਾਰ ਐਂਟੀ-ਲਾਰਵਾ ਸਰਗਰਮੀਆਂ ਕੀਤੀਆਂ ਜਾ ਰਹੀਆਂ ਹਨ। ਇਸੇ ਤਹਿਤ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਣਜੀਤ ਸਿੰਘ ਦੀ ਅਗਵਾਈ ਹੇਠ ਕਸਬਾ ਹਰਿਆਣਾ ਦੇ ਸ਼ਹਿਰੀ ਇਲਾਕੇ ਵਿਖੇ ਐਂਟੀ-ਲਾਰਵਾ ਸਰਗਰਮੀਆਂ ਕੀਤੀਆਂ ਗਈਆਂ। ਇਸ ਮੌਕੇ ਸਿਹਤ ਵਿਭਾਗ ਦੀ ਟੀਮ ਵੱਲੋਂ ਘਰਾਂ ਵਿੱਚ ਪਏ ਕੂਲਰਾਂ, ਪਾਣੀ ਦੀਆਂ ਟੈਂਕੀਆਂ, ਗਮਲਿਆਂ, ਟਾਇਰਾਂ, ਖਾਲੀ ਬਰਤਨਾਂ ਅਤੇ ਹੋਰ ਪਾਣੀ ਇਕੱਠਾ ਹੋਣ ਵਾਲੇ ਸਥਾਨਾਂ ਦੀ ਵਿਸ਼ੇਸ਼ ਤੌਰ ’ਤੇ ਜਾਂਚ ਕੀਤੀ ਗਈ। ਜਿੱਥੇ ਵੀ ਡੇਂਗੂ ਮੱਛਰ ਦਾ ਲਾਰਵਾ ਮਿਲਿਆ, ਉੱਥੇ ਡਾ. ਰਣਜੀਤ ਸਿੰਘ ਵੱਲੋਂ ਮੌਕੇ ’ਤੇ ਹੀ ਲਾਰਵਾ ਨਸ਼ਟ ਕਰਵਾਇਆ ਗਿਆ। ਡਾ. ਰਣਜੀਤ ਸਿੰਘ ਨੇ ਲੋਕਾਂ ਨੂੰ ਹਰ ਸ਼ੁੱਕਰਵਾਰ ਡ੍ਰਾਈ ਡੇ ਮਨਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਹਰ ਸ਼ੁੱਕਰਵਾਰ ਨੂੰ ਪਾਣੀ ਖੜ੍ਹਾ ਹੋਣ ਵਾਲੀਆਂ ਥਾਵਾਂ ਦੀ ਜਾਂਚ ਕੀਤੀ ਜਾਵੇ ਅਤੇ ਲਾਰਵੇ ਦੇ ਸੰਭਾਵਿਤ ਸਰੋਤਾਂ ਨੂੰ ਤੁਰੰਤ ਖਤਮ ਕੀਤਾ ਜਾਵੇ ਅਤੇ ਡੇਂਗੂ ਨਾਲ ਸਬੰਧਤ ਕਿਸੇ ਵੀ ਲੱਛਣ ਹੋਣ ’ਤੇ ਤੁਰੰਤ ਨੇੜਲੇ ਸਰਕਾਰੀ ਸਿਹਤ ਕੇਂਦਰ ਨਾਲ ਸੰਪਰਕ ਕੀਤਾ ਜਾਵੇ ਅਤੇ ਬਿਨਾਂ ਡਾਕਟਰੀ ਸਲਾਹ ਦੇ ਕੋਈ ਦਵਾਈ ਨਾ ਲਈ ਜਾਵੇ।