- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਰਦੁਆਰਾ ਸਾਹਿਬ ਨੇੜੇ ਅਸਥਾਈ ਕੂੜਾ ਡੰਪ ’ਤੇ ਲੱਗੀ ਰੋਕ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸ਼ਾਮ ਚੁਰਾਸੀ : ਸ਼ਾਮ ਚੁਰਾਸੀ ਵਿੱਚ ਥਾਂ-ਥਾਂ ਲੱਗੇ ਕੂੜੇ ਦੇ ਢੇਰਾਂ ਦੀ ਸਫ਼ਾਈ ਵਿਵਸਥਾ ਨੂੰ ਲੈ ਕੇ ਲੱਗੀ ਖ਼ਬਰ ਦਾ ਲੋਕਾਂ ਵਿੱਚ ਅਸਰ ਦੇਖਣ ਨੂੰ ਮਿਲਿਆ ਹੈ। ਨਗਰ ਕੌਂਸਲ ਸ਼ਾਮ ਚੁਰਾਸੀ ਵੱਲੋਂ ਫਿਲਹਾਲ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਦਿਖੀ ਪਰ ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਦੁਆਰਾ ਸਾਹਿਬ ਦੇ ਨੇੜੇ ਕੂੜਾ ਸੁੱਟਣ ’ਤੇ ਪੂਰੀ ਤਰ੍ਹਾਂ ਰੋਕ ਲਗਾਉਂਦਿਆਂ ਮੌਕੇ ’ਤੇ ਸਖ਼ਤ ਚਿਤਾਵਨੀ ਵਾਲਾ ਬੈਨਰ ਲਗਾ ਦਿੱਤਾ ਹੈ। ਜਾਣਕਾਰੀ ਅਨੁਸਾਰ ਇਸ ਥਾਂ ’ਤੇ ਨਗਰ ਕੌਂਸਲ ਦੇ ਸਫ਼ਾਈ ਕਰਮਚਾਰੀਆਂ ਵੱਲੋਂ ਇਲਾਕੇ ਵਿੱਚੋਂ ਇਕੱਠਾ ਕੀਤਾ ਗਿਆ ਕੂੜਾ ਲਿਆ ਕੇ ਸੁੱਟਿਆ ਜਾਂਦਾ ਸੀ। ਬਾਅਦ ਵਿੱਚ ਇਸ ਕੂੜੇ ਨੂੰ ਟਰਾਲੀਆਂ ਵਿੱਚ ਭਰ ਕੇ ਇੱਥੋਂ ਲਿਜਾਇਆ ਜਾਂਦਾ ਸੀ ਪਰ ਕੂੜਾ ਕਈ-ਕਈ ਦਿਨ ਮੌਕੇ ’ਤੇ ਪਿਆ ਰਹਿਣ ਕਾਰਨ ਇੱਥੇ ਹੌਲੀ-ਹੌਲੀ ਅਸਥਾਈ ਕੂੜਾ ਡੰਪ ਬਣ ਗਿਆ ਸੀ। ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਦਰ ਰਾਮ ਪਟਵਾਰੀ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ਨੇੜੇ ਕੂੜੇ ਦੇ ਢੇਰ ਲੱਗਣ ਕਾਰਨ ਮੱਥਾ ਟੇਕਣ ਲਈ ਆਉਣ ਵਾਲੀ ਸੰਗਤ ਅਤੇ ਰਾਹਗੀਰਾਂ ਨੂੰ ਵੀ ਬਦਬੂ ਤੇ ਗੰਦਗੀ ਕਾਰਨ ਪਰੇਸ਼ਾਨੀ ਹੁੰਦੀ ਹੈ। ਇਸ ਲਈ ਕਮੇਟੀ ਵੱਲੋਂ ਫ਼ੈਸਲਾ ਲੈਂਦਿਆਂ ਮੌਕੇ ’ਤੇ ਚਿਤਾਵਨੀ ਬੈਨਰ ਲਗਾ ਦਿੱਤਾ ਗਿਆ ਹੈ ਅਤੇ ਇੱਥੇ ਕੂੜਾ ਸੁੱਟਣ ’ਤੇ ਰੋਕ ਲਗਾ ਦਿੱਤੀ ਗਈ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਗੁਰਦੁਆਰਾ ਸਾਹਿਬ ਦੀ ਪਵਿੱਤਰਤਾ ਅਤੇ ਆਲੇ-ਦੁਆਲੇ ਦੀ ਸਫ਼ਾਈ ਨੂੰ ਧਿਆਨ ਵਿੱਚ ਰੱਖਦਿਆਂ ਇੱਥੇ ਕੂੜਾ ਨਾ ਸੁੱਟਿਆ ਜਾਵੇ। ਧਾਰਮਿਕ ਅਸਥਾਨ ਦੇ ਨੇੜੇ ਸਾਫ਼-ਸਫ਼ਾਈ ਬਣਾਈ ਰੱਖਣਾ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ।