- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿੰਡ ਫੱਤਾ ਕੁੱਲਾ ਵਾਸੀਆਂ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਐਸਡੀਐਮ ਨੂੰ ਦਿੱਤਾ ਮੰਗ ਪੱਤਰ

ਸੁਰਿੰਦਰ ਢਿੱਲੋਂ, ਪੰਜਾਬੀ ਜਾਗਰਣ
ਟਾਂਡਾ ਉੜਮੁੜ : ਹਲਕਾ ਉੜਮੁੜ ਟਾਂਡਾ ਦੇ ਬੇਟ ਖੇਤਰ ਵਿੱਚ ਪੈਂਦੇ ਬਿਆਸ ਦਰਿਆ ਤੋਂ ਕਥਿਤ ਤੌਰ ’ਤੇ ਰੇਤ ਦੀ ਧੜੱਲੇ ਨਾਲ ਹੋ ਰਹੀ ਨਾਜਾਇਜ਼ ਮਾਈਨਿੰਗ ਦਾ ਧੰਦਾ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ ਪਰ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਇਸ ਸਬੰਧੀ ਪਿੰਡ ਫੱਤਾ ਕੁੱਲਾ ਵਾਸੀਆਂ ਵੱਲੋਂ ਬਿਆਸ ਖੇਤਰ ਵਿੱਚ ਦਿਨ-ਰਾਤ ਰੇਤ ਦੀ ਹੋ ਰਹੀ ਨਾਜਾਇਜ਼ ਮਾਈਨਿੰਗ ਸਬੰਧੀ ਐੱਸਡੀਐੱਮ ਟਾਂਡਾ ਲਵਪ੍ਰੀਤ ਸਿੰਘ ਔਲਖ ਨੂੰ ਮੰਗ ਪੱਤਰ ਦਿੱਤਾ ਗਿਆ। ਮੰਗ ਪੱਤਰ ਦਿੰਦੇ ਹੋਏ ਪਿੰਡ ਦੀ ਸਰਪੰਚ ਪਰਮਜੀਤ ਕੌਰ, ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਕਸ਼ਮੀਰ ਸਿੰਘ ਫੱਤਾ ਕੁੱਲਾ, ਅਵਤਾਰ ਸਿੰਘ, ਸੁਰਿੰਦਰ ਸਿੰਘ, ਉਪਦੇਸ਼ ਸਿੰਘ, ਰਣਧੀਰ ਸਿੰਘ, ਤਰਸੇਮ ਸਿੰਘ ਅਤੇ ਜੋਗਿੰਦਰ ਸਿੰਘ ਨੇ ਦੱਸਿਆ ਕਿ ਬਿਆਸ ਦਰਿਆ ਦੇ ਖੇਤਰ ਨੂੰ ਵਾਈਲਡ ਲਾਈਫ ਪ੍ਰਿਜ਼ਰਵ ਏਰੀਆ ਐਲਾਨਿਆ ਜਾਣ ਦੇ ਬਾਵਜੂਦ ਬਿਆਸ ਦਰਿਆ ਦੇ ਆਸ-ਪਾਸ ਵੱਡੇ ਪੱਧਰ ’ਤੇ ਕਥਿਤ ਮਾਈਨਿੰਗ ਜਾਰੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਕਾਰਵਾਈ ਦੇ ਨਾਂ ’ਤੇ ਕੁਝ ਟਿੱਪਰਾਂ ਦੇ ਚਾਲਾਨ ਕੀਤੇ ਜਾਂਦੇ ਹਨ, ਜਦਕਿ ਰੇਤ ਨਾਲ ਭਰੇ ਵਾਹਨਾਂ ਦੀ ਆਵਾਜਾਈ ਦਿਨ-ਰਾਤ ਜਾਰੀ ਰਹਿੰਦੀ ਹੈ।
ਇਸ ਮੌਕੇ ਪਿੰਡ ਵਾਸੀਆਂ ਨੇ ਦੱਸਿਆ ਕਿ ਟਾਂਡਾ-ਸ੍ਰੀ ਹਰਗੋਬਿੰਦਪੁਰ ਰੋਡ ’ਤੇ ਰੇਤ ਨਾਲ ਭਰੇ ਟਿੱਪਰ ਅਤੇ ਟਰੈਕਟਰ-ਟਰਾਲੀਆਂ ਵੱਡੀ ਗਿਣਤੀ ਵਿੱਚ ਲੰਘਦੇ ਹਨ। ਕਈ ਵਾਹਨਾਂ ’ਤੇ ਤਰਪਾਲ ਨਾ ਹੋਣ ਕਾਰਨ ਰੇਤ ਸੜਕ ’ਤੇ ਉੱਡਦੀ ਰਹਿੰਦੀ ਹੈ, ਜਿਸ ਨਾਲ ਖਾਸ ਕਰ ਕੇ ਦੋਪਹੀਆ ਵਾਹਨ ਚਾਲਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਅਕਸਰ ਹਾਦਸੇ ਵਾਪਰ ਜਾਂਦੇ ਹਨ। ਉਨ੍ਹਾਂ ਐੱਸਡੀਐੱਮ ਟਾਂਡਾ ਤੋਂ ਮੰਗ ਕੀਤੀ ਕਿ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਦੇ ਨਾਲ-ਨਾਲ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਐੱਸਡੀਐੱਮ ਟਾਂਡਾ ਲਵਪ੍ਰੀਤ ਸਿੰਘ ਔਲਖ ਨੇ ਪਿੰਡ ਵਾਸੀਆਂ ਨੂੰ ਭਰੋਸਾ ਦਿੰਦੇ ਹੋਏ ਕਿਹਾ ਕਿ ਨਾਜਾਇਜ਼ ਮਾਈਨਿੰਗ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਨਿਯਮਾਂ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।