ਲੁਟੇਰੇ ਪਿਸਤੌਲ ਦਿਖਾ ਕੇ ਬਜ਼ੁਰਗ ਕੋਲੋਂ ਸਕੂਟਰੀ ਖੋਹ ਕੇ ਹੋਏ ਫ਼ਰਾਰ ਲੁਟੇਰਿਆਂ ਪਿਸਤੌਲ ਵਿਖਾ ਬਜ਼ੁਰਗ ਕੋਲੋਂ ਸਕੂਟਰੀ ਖੋਹ ਕੇ ਹੋਏ ਫਰਾਰ
Publish Date: Sun, 20 Sep 2026 05:47 PM (IST)
Updated Date: Sun, 20 Sep 2026 05:50 PM (IST)
ਸੁਰਿੰਦਰ ਢਿੱਲੋਂ, ਪੰਜਾਬੀ ਜਾਗਰਣ ਟਾਂਡਾ ਉੜਮੁੜ : ਐਤਵਾਰ ਸਵੇਰੇ ਮਿਆਣੀ-ਬੈਂਸ ਅਵਾਣ ਸੰਪਰਕ ਸੜਕ ’ਤੇ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਇੱਕ ਬਜ਼ੁਰਗ ਵਿਅਕਤੀ ਨੂੰ ਪਿਸਤੌਲ ਵਿਖਾ ਕੇ ਉਸ ਦੀ ਸਕੂਟਰੀ ਖੋਹ ਲਈ ਅਤੇ ਆਪਣਾ ਮੋਟਰਸਾਈਕਲ ਉਸੇ ਜਗ੍ਹਾ ’ਤੇ ਖੜ੍ਹਾ ਕਰ ਕੇ ਸਕੂਟਰੀ ’ਤੇ ਫ਼ਰਾਰ ਹੋ ਗਏ। ਇਸ ਮੌਕੇ ਲੁੱਟ ਦਾ ਸ਼ਿਕਾਰ ਹੋਏ ਅਮਰਜੀਤ ਸਿੰਘ ਪੁੱਤਰ ਅਮੋਲਕ ਸਿੰਘ ਵਾਸੀ ਵਾਰਡ ਨੰਬਰ 6 ਮਿਆਣੀ ਨੇ ਦੱਸਿਆ ਕਿ ਉਹ ਬੇਗੋਵਾਲ ਅਨਾਜ ਮੰਡੀ ਵਿੱਚ ਮੁਨੀਮ ਵਜੋਂ ਕੰਮ ਕਰਦਾ ਹੈ ਅਤੇ ਐਤਵਾਰ ਸਵੇਰੇ ਉਹ ਪਿੰਡ ਨੱਥੂਪੁਰ ਸਥਿਤ ਡੇਰਾ ਉਦਾਸੀਨ ਆਸ਼ਰਮ ਵਿਖੇ ਹੋਣ ਵਾਲੇ ਸਾਲਾਨਾ ਸਮਾਗਮ ਵਿੱਚ ਸ਼ਾਮਲ ਹੋਣ ਲਈ ਜਾ ਰਿਹਾ ਸੀ। ਇਸ ਦੌਰਾਨ ਰਸਤੇ ਵਿੱਚ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਜਿਨ੍ਹਾਂ ਆਪਣੇ ਮੂੰਹ ਕੱਪੜੇ ਨਾਲ ਢੱਕੇ ਹੋਏ ਸਨ ਨੇ ਉਸ ਨੂੰ ਘੇਰ ਲਿਆ ਅਤੇ ਪਿਸਤੌਲ ਵਿਖਾ ਕੇ ਉਸ ਦੀ ਸਕੂਟੀ ਖੋਹ ਲਈ ਅਤੇ ਆਪਣਾ ਮੋਟਰਸਾਈਕਲ ਉਸੇ ਜਗ੍ਹਾ ’ਤੇ ਖੜ੍ਹਾ ਕਰ ਕੇ ਮਿਆਣੀ ਵੱਲ ਫ਼ਰਾਰ ਹੋ ਗਏ। ਮੌਕੇ ’ਤੇ ਮਿਲੀ ਜਾਣਕਾਰੀ ਅਨੁਸਾਰ ਲੁਟੇਰਿਆਂ ਦੇ ਮੋਟਰਸਾਈਕਲ ਵਿੱਚ ਪੈਟਰੋਲ ਖ਼ਤਮ ਹੋ ਜਾਣ ਕਾਰਨ ਉਹ ਆਪਣਾ ਮੋਟਰਸਾਈਕਲ ਮੌਕੇ ’ਤੇ ਹੀ ਛੱਡ ਗਏ, ਜਿਸ ਨੂੰ ਪੁਲਿਸ ਨੇ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਇਹ ਮੋਟਰਸਾਈਕਲ ਵੀ ਚੋਰੀ ਦਾ ਦੱਸਿਆ ਜਾ ਰਿਹਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਏਐੱਸਆਈ ਲੋਕ ਰਾਮ ਦੀ ਅਗਵਾਈ ਵਾਲੀ ਪੁਲਿਸ ਟੀਮ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ। ਪੁਲਿਸ ਵੱਲੋਂ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲਦਿਆਂ ਲੁਟੇਰਿਆਂ ਦਾ ਪਿੱਛਾ ਕੀਤਾ ਗਿਆ ਅਤੇ ਦਸੂਹਾ ਦੇ ਪਿੰਡ ਬਾਜਾਚੱਕ ਨੇੜਿਓਂ ਖੋਹੀ ਸਕੂਟੀਰੀ ਬਰਾਮਦ ਕਰ ਲਈ ਗਈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਬੈਂਸ ਅਵਾਨ ਨੇੜੇ ਅਮਰਜੀਤ ਸਿੰਘ ਤੋਂ ਖੋਹੀ ਸਕੂਟੀ ਦਾ ਪੈਟਰੋਲ ਖ਼ਤਮ ਹੋਣ ਤੋਂ ਬਾਅਦ ਮੁਲਜ਼ਮ ਉਸ ਨੂੰ ਉੱਥੋਂ ਖੜ੍ਹਾ ਕਰ ਕੇ ਉੱਥੋਂ ਕਿਸੇ ਹੋਰ ਵਿਅਕਤੀ ਦਾ ਮੋਟਰਸਾਈਕਲ ਖੋਹ ਕੇ ਅੱਗੇ ਫ਼ਰਾਰ ਹੋਏ ਹਨ। ਹਾਲਾਂਕਿ ਇਸ ਸਬੰਧੀ ਪੁਲਿਸ ਵੱਲੋਂ ਅਜੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਉਕਤ ਲੁਟੇਰੇ ਕਿਧਰੋਂ ਆਏ ਸਨ ਤੇ ਉਨ੍ਹਾਂ ਚੋਰੀ ਦੇ ਵ੍ਹੀਕਲਾਂ ’ਤੇ ਕੋਈ ਵਾਰਦਾਤ ਨੂੰ ਅੰਜਾਮ ਨਹੀਂ ਦਿੱਤਾ। ਪੁਲਿਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।