ਗੁਲਜ਼ਾਰ ਦੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਲਗਾਇਆ ਧਰਨਾ ਗੁਲਜ਼ਾਰ ਕਤਲਕਾਂਡ ਦੇ ਮੁਲਜ਼ਮਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਲੱਗਾ ਧਰਨਾ
Publish Date: Sat, 19 Sep 2026 04:35 PM (IST)
Updated Date: Sat, 19 Sep 2026 04:38 PM (IST)
ਸੁਰਿੰਦਰ ਢਿੱਲੋਂ, ਪੰਜਾਬੀ ਜਾਗਰਣ ਟਾਂਡਾ ਉੜਮੁੜ : ਬੀਤੇ ਦਿਨੀਂ ਟਾਂਡਾ ਸ਼ਹਿਰ ਦੇ ਲਹੌਰੀਆ ਮੁਹੱਲੇ ਵਿੱਚ ਇੱਕ ਬਜ਼ੁਰਗ ਦੁਕਾਨਦਾਰ ਗੁਲਜ਼ਾਰ ਸਿੰਘ ਦੇ ਕਤਲ ਨੂੰ ਲੈ ਕੇ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਵੇਖਦੇ ਹੋਏ ਮੁਹੱਲਾ ਵਾਸੀਆਂ ਧਰਨਾ ਲਗਾ ਦਿੱਤਾ। ਇਸ ਮੌਕੇ ਬੋਲਦਿਆਂ ਕਿਸਾਨ ਆਗੂ ਪਰਮਜੀਤ ਸਿੰਘ ਭੁੱਲਾ ਅਤੇ ਹੋਰ ਵੱਖ-ਵੱਖ ਬੁਲਾਰਿਆਂ ਨੇ ਬੋਲਦਿਆਂ ਕਿਹਾ ਕਿ ਗੁਲਜ਼ਾਰ ਸਿੰਘ ਦੇ ਕਤਲ ਦੀ ਵਾਰਦਾਤ ਨੂੰ ਵਾਪਰੇ ਕਰੀਬ 5 ਦਿਨ ਦਾ ਸਮਾਂ ਬੀਤ ਚੁੱਕਾ ਹੈ ਅਤੇ ਵਾਰਦਾਤ ਤੋਂ ਬਾਅਦ ਸਾਹਮਣੇ ਆਈ ਸੀਸੀਟੀਵੀ ਫੁਟੇਜ ਵਿੱਚ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਭੱਜ ਰਹੇ ਤਿੰਨ ਮੋਟਰਸਾਈਕਲ ਸਵਾਰ ਹਥਿਆਰੇ ਸਾਫ ਨਜ਼ਰ ਆ ਰਹੇ ਹਨ। ਇਸ ਦੇ ਬਾਵਜੂਦ ਗ੍ਰਿਫ਼ਤਾਰੀ ਨਾ ਹੋਣ ਕਾਰਨ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਮੁਹੱਲਾ ਵਾਸੀਆਂ ਵਿੱਚ ਭਾਰੀ ਰੋਸ ਵਧਦਾ ਜਾ ਰਿਹਾ ਹੈ। ਇਸ ਮਾਮਲੇ ਸਬੰਧੀ ਸ਼ੁੱਕਰਵਾਰ ਰਾਤ ਨੂੰ ਮੁਹੱਲਾ ਵਾਸੀ ਕਿਸਾਨ ਆਗੂ ਪਰਮਜੀਤ ਸਿੰਘ ਬਾਠ, ਅਮਰੀਕ ਸਿੰਘ, ਕੌਂਸਲਰ ਸੇਠ ਰਾਮ ਸੇਠੀ, ਸਾਬਕਾ ਕੌਂਸਲਰ ਰਾਕੇਸ਼ ਕੁਮਾਰ, ਸਾਬਕਾ ਕੌਂਸਲਰ ਜਰਨੈਲ ਸਿੰਘ ਸੰਧੂ, ਦਲਜੀਤ ਸਿੰਘ, ਕੁਲਦੀਪ ਸਿੰਘ ਸਿੱਧੂ, ਸੁਖਚੈਨ ਸਿੰਘ, ਜਸਪਾਲ ਸਿੰਘ, ਅਵਤਾਰ ਸਿੰਘ, ਸਰਪੰਚ ਦੀਦਾਰ ਸਿੰਘ, ਡਾਕਟਰ ਹਰਬੰਸ ਸਿੰਘ, ਬੀਬੀ ਨਵਜੋਤ ਕੌਰ, ਪਰਮਜੀਤ ਕੌਰ, ਰੁਪਿੰਦਰ ਕੌਰ, ਜਗੀਰ ਕੌਰ, ਸਰਬਜੀਤ ਕੌਰ, ਦਲਜੀਤ ਕੌਰ ਅਤੇ ਬੇਅੰਤ ਕੌਰ ਬਾਠ ਨੇ ਮੀਟਿੰਗ ਕਰਕੇ ਪੁਲਿਸ ਪ੍ਰਸ਼ਾਸਨ ਤੋਂ ਕਾਤਲਾਂ ਨੂੰ ਜਲਦ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਇਸ ਮੌਕੇ ਧਰਨਾਕਾਰੀਆਂ ਨੂੰ ਮਿਲਣ ਪਹੁੰਚੀ ਐੱਸਐੱਚਓ ਟਾਂਡਾ ਅਮਰਜੀਤ ਕੌਰ ਸਮੇਤ ਪੁਲਿਸ ਟੀਮ ਮੁਹੱਲਾ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਮੁਲਜ਼ਮਾਂ ਨੂੰ ਬਹੁਤ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਹਾਲਾਂਕਿ ਮੁਹੱਲਾ ਵਾਸੀਆਂ ਨੇ ਸਪੱਸ਼ਟ ਕੀਤਾ ਕਿ ਉਹ ਹੁਣ ਸਿਰਫ਼ ਭਰੋਸਿਆਂ ’ਤੇ ਵਿਸ਼ਵਾਸ ਨਹੀਂ ਕਰਨਗੇ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਐਤਵਾਰ ਸਵੇਰ ਤੱਕ ਦਾ ਸਮਾਂ ਦਿੱਤਾ ਹੈ। ਜੇਕਰ ਐਤਵਾਰ ਸਵੇਰ ਤੱਕ ਸੀਸੀਟੀਵੀ ਫੁਟੇਜ ਵਿੱਚ ਨਜ਼ਰ ਆ ਰਹੇ ਸ਼ੱਕੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਉਹ ਗੁਲਜ਼ਾਰ ਸਿੰਘ ਦੀ ਮ੍ਰਿਤਕ ਦੇਹ ਥਾਣੇ ਦੇ ਬਾਹਰ ਰੱਖ ਕੇ ਧਰਨਾ ਦੇਣਗੇ। ਜਦੋਂ ਤੱਕ ਗੁਲਜ਼ਾਰ ਸਿੰਘ ਦੇ ਕਾਤਲਾਂ ਦੀ ਗ੍ਰਿਫ਼ਤਾਰੀ ਨਹੀਂ ਹੁੰਦੀ, ਉਦੋਂ ਤੱਕ ਧਰਨਾ ਜਾਰੀ ਰੱਖਿਆ ਜਾਵੇਗਾ।