ਕਲਮਾਂ ਮੌੜ ਤੋਂ ਐਲਗਰਾ ਪੁਲ ਬੰਦ ਹੋਣ ਕਾਰਨ ਟਿੱਪਰਾਂ ਨੇ ਬੀਤ ਵੱਲ ਮੋੜਿਆ ਮੂੰਹ ਕਲਮਾਂ ਮੌੜ ਤੋਂ ਐਲਗਰਾ ਪੁਲ ਬੰਦ ਹੋਣ ਕਾਰਨ ਟਿੱਪਰਾਂ ਨੇ ਬੀਤ ਵੱਲ ਮੋੜਿਆ ਮੂੰਹ
Publish Date: Sat, 19 Sep 2026 04:09 PM (IST)
Updated Date: Sat, 19 Sep 2026 04:11 PM (IST)
ਅਸ਼ਵਨੀ ਸ਼ਰਮਾ ਪੰਜਾਬੀ ਜਾਗਰਣ ਬੀਣੇਵਾਲ ਬੀਤ : ਬਰਸਾਤ ਕਾਰਨ ਐਲਗਰਾ ਦਾ ਪੁਲ ਜੋ ਪਹਿਲਾਂ ਹੀ ਬੰਦ ਹੈ ਅਤੇ ਹੁਣ ਸਤਲੁਜ ’ਚ ਪਾਣੀ ਦਾ ਪੱਧਰ ਵੱਧਣ ਕਾਰਨ ਆਰਜ਼ੀ ਰਸਤਾ ਵੀ ਜ਼ਿਆਦਾਤਰ ਬੰਦ ਰਹਿੰਦਾ ਹੈ, ਜਿਸ ਕਰ ਕੇ ਉਸ ਰਸਤੇ ’ਚ ਚੱਲਣ ਵਾਲੇ ਭਾਰੀ ਵ੍ਹੀਕਲ ਟਿੱਪਰਾਂ ਨੇ ਆਪਣਾ ਮੂੰਹ ਬੀਤ ਇਲਾਕੇ ਦੀਆਂ ਸੜਕਾਂ ਵੱਲ ਨੂੰ ਮੋੜ ਲਿਆ ਹੈ। ਓਵਰਲੋਡ ਟਿੱਪਰਾਂ ਨੇ ਹੈਬੋਵਾਲ, ਕਾਲੇਵਾਲ, ਸ੍ਰੀ ਖੁਰਾਲਗੜ੍ਹ ਸਾਹਿਬ ਅਤੇ ਹੈਬੋਵਾਲ ਤੋਂ ਨੈਨਵਾ ਵੱਲ ਨੂੰ ਚਾਲੇ ਪਾਏ ਹੋਏ ਹਨ। ਸੜਕਾਂ ਦੀ ਚੌੜਾਈ ਘੱਟ ਹੋਣ ਕਾਰਨ ਅਕਸਰ ਹੀ ਜਾਮ ਵਾਲੀ ਸਥਿਤੀ ਬਣੀ ਰਹਿੰਦੀ ਹੈ। ਇੱਥੇ ਦੱਸਣਯੋਗ ਹੈ ਕਿ ਇਸ ਸੜਕ ’ਤੇ ਸ੍ਰੀ ਖੁਰਾਲਗੜ੍ਹ ਸਾਹਿਬ ਨੂੰ ਨਤਮਸਤਕ ਹੋਣ ਲਈ ਦੂਰ-ਦਰਾਡੇ ਦੀਆਂ ਸੰਗਤਾਂ ਆਉਂਦੀਆਂ ਰਹਿੰਦੀਆਂ ਹਨ ਅਤੇ ਇਹਨਾਂ ਟਿੱਪਰਾ ਕਾਰਨ ਹਰ ਸਮੇਂ ਹਾਦਸਾ ਹੋਣ ਦਾ ਡਰ ਬਣਿਆ ਰਹਿੰਦਾ ਹੈ। ਕੀ ਕਿਹਾ ਸਮਾਜ ਸੇਵੀ ਸੁਰਿੰਦਰ ਸਿੰਘ ਟੱਬਾ ਨੇ : ਸਮਾਜ ਸੇਵੀ ਸੁਰਿੰਦਰ ਸਿੰਘ ਟੱਬਾ ਨੇ ਕਿਹਾ ਕਿ ਇਹਨਾਂ ਸੜਕਾਂ ਤੇ 3-4 ਸਕੂਲ ਪੈਂਦੇ ਹਨ ਜਿਨ੍ਹਾਂ ਦੇ ਸਿਰ ’ਤੇ ਇਨ੍ਹਾਂ ਟਿੱਪਰਾਂ ਦਾ ਡਰ ਬਣਿਆ ਰਹਿੰਦਾ ਹੈ। ਉਨ੍ਹਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਹਨਾਂ ’ਤੇ ਕਾਰਵਾਈ ਕੀਤੀ ਜਾਵੇ। ਬੀਤ ਭਲਾਈ ਕਮੇਟੀ ਕਰੇਗੀ ਸੰਘਰਸ਼ : ਬੀਤ ਭਲਾਈ ਕਮੇਟੀ ਦੇ ਜਨਰਲ ਸਕੱਤਰ ਨਰਿੰਦਰ ਸਿੰਘ ਸੋਨੀ ਨੇ ਦੱਸਿਆ ਕਿ ਇਹ ਓਵਰਲੋਡ ਟਿੱਪਰ ਕਿਸੇ ਵੇਲੇ ਵੀ ਕੋਈ ਹਾਦਸੇ ਦਾ ਕਾਰਨ ਬਣ ਸਕਦੇ ਹਨ। ਸੜਕ ਦੀ ਚੌੜਾਈ ਘੱਟ ਹੈ ਤੇ ਟਿੱਪਰਾਂ ਕਾਰਨ ਛੋਟੀਆਂ ਗੱਡੀਆਂ ਵਾਲਿਆਂ ਨੂੰ ਲੰਘਣ ’ਚ ਪਰੇਸ਼ਾਨੀ ਆਉਂਦੀਆਂ ਹੈ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਨ੍ਹਾਂ ਟਿੱਪਰਾਂ ਨੂੰ ਜਲਦੀ ਬੰਦ ਕਰਵਾਇਆ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਅਗਰ ਪ੍ਰਸ਼ਾਸਨ ਨੇ ਜਲਦੀ ਟਿੱਪਰਾ ਖ਼ਿਲਾਫ਼ ਕਾਰਵਾਈ ਨਾ ਕੀਤੀ ਤਾਂ ਬੀਤ ਭਲਾਈ ਕਮੇਟੀ ਬੀਤ ਦੇ ਲੋਕਾਂ ਨੂੰ ਨਾਲ ਲੈ ਕੇ ਸੰਘਰਸ਼ ਕਰੇਗੀ, ਜਿਸ ਦੀ ਜ਼ਿਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਕੀ ਕਿਹਾ ਚੌਕੀ ਬੀਣੇਵਾਲ ਦੇ ਏਐੱਸਆਈ ਨੇ : ਇਸ ਵਾਰੇ ਚੌਕੀ ਬੀਣੇਵਾਲ ਦੇ ਏਐੱਸਆਈ ਜਸਵੀਰ ਸਿੰਘ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਕਿਹਾ ਕਿ ਇਹਨਾਂ ਪਿੰਡਾਂ ਤੋਂ ਸ਼ਿਕਾਇਤ ਮਿਲੀ ਸੀ ਅਤੇ ਉਸ ਤੋਂ ਬਾਅਦ ਸ਼ਾਮ ਦੇ ਸਮੇਂ ਇਹਨਾਂ ਸੜਕ ’ਤੇ ਮੁਲਾਜ਼ਮਾਂ ਦੀ ਡਿਊਟੀ ਲਗਾਈ ਗਈ ਹੈ। ਅਸੀਂ ਕਈ ਟਿੱਪਰਾਂ ਦੇ ਚਾਲਾਨ ਵੀ ਕੀਤੇ ਹਨ ਅਤੇ ਆਉਣ ਵਾਲੇ ਦਿਨਾਂ ’ਚ ਇਨ੍ਹਾਂ ’ਤੇ ਸਖਤ ਕਾਰਵਾਈ ਕੀਤੀ ਜਾਵੇਗੀ।