- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡਾ. ਜਸਵੀਰ ਕੌਰ ਨੂੰ ‘ਸਾਲ ਦੀ ਉੱਤਮ ਨਰਸਿੰਗ ਅਧਿਆਪਕਾ’ ਦਾ ਸਨਮਾਨ

ਦਲਵਿੰਦਰ ਸਿੰਘ ਮਨੋਚਾ, ਪੰਜਾਬੀ ਜਾਗਰਣ
ਗੜਸ਼ੰਕਰ : ਗੁਰਸੇਵਾ ਕਾਲਜ ਆਫ਼ ਨਰਸਿੰਗ ਦੀ ਪ੍ਰਿੰਸੀਪਲ ਡਾ. ਜਸਵੀਰ ਕੌਰ ਨੂੰ ਨਰਸਿੰਗ ਸਿੱਖਿਆ ਦੇ ਖੇਤਰ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ, ਸਮਰਪਣ, ਮਿਹਨਤ ਅਤੇ ਪ੍ਰਭਾਵਸ਼ਾਲੀ ਅਗਵਾਈ ਲਈ ਭਾਰਤੀ ਨਰਸਿੰਗ ਅਧਿਆਪਕ ਸੰਘ (ਐੱਨਟੀਏਆਈ) ਵੱਲੋਂ ‘ਸਾਲ ਦੀ ਉੱਤਮ ਨਰਸਿੰਗ ਅਧਿਆਪਕਾ’ ਦੇ ਪ੍ਰਸਿੱਧ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ। ਸਨਮਾਨ ਸਮਾਰੋਹ ਦੌਰਾਨ ਨਰਸਿੰਗ ਅਧਿਆਪਕ ਸੰਘ ਦੇ ਕੌਮੀ ਪ੍ਰਧਾਨ ਡਾ. ਫਾਰੂਖ ਖਾਨ, ਡਾ. ਪੂਨਮ ਠਾਕੁਰ, ਰਾਜਸਥਾਨ ਇਕਾਈ ਦੇ ਪ੍ਰਧਾਨ ਡਾ. ਪੁਰਸ਼ੋਤਮ ਸ਼ਰਮਾ ਅਤੇ ਆਰਐੱਚ ਦੇ ਮੁੱਖ ਕਾਰਜਕਾਰੀ ਅਧਿਕਾਰੀ ਰਾਹੁਲ ਸ਼ਰਮਾ ਸਮੇਤ ਨਰਸਿੰਗ ਖੇਤਰ ਨਾਲ ਸਬੰਧਿਤ ਕਈ ਮਾਹਿਰ ਅਤੇ ਪ੍ਰਤੀਨਿਧੀ ਮੌਜੂਦ ਸਨ।
ਇਸ ਮੌਕੇ ਏਆਈ ਵਿਸ਼ਵ ਨਰਸਿੰਗ ਸੰਮੇਲਨ ਵਿੱਚ ਭਾਰਤ ਤੋਂ ਇਲਾਵਾ ਭੂਟਾਨ, ਇੰਡੋਨੇਸ਼ੀਆ ਅਤੇ ਸ੍ਰੀਲੰਕਾ ਤੋਂ ਵੀ ਨਰਸਿੰਗ ਖੇਤਰ ਦੇ ਮਾਹਿਰਾਂ ਅਤੇ ਪ੍ਰਤੀਨਿਧੀਆਂ ਨੇ ਸ਼ਮੂਲੀਅਤ ਕੀਤੀ। ਸੰਮੇਲਨ ਦੌਰਾਨ ਨਰਸਿੰਗ ਸਿੱਖਿਆ, ਖੋਜ ਕਾਰਜ, ਆਧੁਨਿਕ ਤਕਨਾਲੋਜੀ ਅਤੇ ਪੇਸ਼ੇਵਰ ਵਿਕਾਸ ਨਾਲ ਸਬੰਧਿਤ ਵੱਖ-ਵੱਖ ਵਿਸ਼ਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਤਜ਼ਰਬੇ ਸਾਂਝੇ ਕੀਤੇ ਗਏ। ਡਾ. ਜਸਵੀਰ ਕੌਰ ਦੀ ਇਸ ਮਾਣਮੱਤੀ ਪ੍ਰਾਪਤੀ ’ਤੇ ਗੁਰਸੇਵਾ ਕਾਲਜ ਆਫ਼ ਨਰਸਿੰਗ ਦੇ ਪ੍ਰਧਾਨ ਡਾ. ਜੰਗ ਬਹਾਦੁਰ ਸਿੰਘ ਰਾਏ, ਨਿਰਦੇਸ਼ਕ ਦਵਿੰਦਰ ਕੌਰ ਰਾਏ, ਜਨਰਲ ਸਕੱਤਰ ਰਮਨਪ੍ਰੀਤ ਕੌਰ ਰਾਏ, ਉਪ ਪ੍ਰਿੰਸੀਪਲ ਡਾ. ਕਵਲਦੀਪ ਕੌਰ, ਸੀਨੀਅਰ ਸਟਾਫ਼ ਮੈਂਬਰ ਡਾ. ਹਰਪ੍ਰੀਤ ਕੌਰ, ਜਤਿੰਦਰ ਕੌਰ, ਚਰਨਜੀਤ ਕੌਰ, ਮਨਦੀਪ ਕੌਰ, ਹਰਜੀਤ ਕੌਰ ਕਲਸੀ ਅਤੇ ਹਰਜੀਤ ਗਿੱਲ, ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਤੋਂ ਇਲਾਵਾ ਪੰਜਾਬ ਨਰਸਿੰਗ ਅਧਿਆਪਕ ਸੰਘ ਦੀ ਸਾਂਝੀ ਸਕੱਤਰ-ਕਮ-ਜ਼ੋਨਲ ਪ੍ਰਧਾਨ ਕਿਰਨ ਬਾਲਾ ਨੇ ਉਨ੍ਹਾਂ ਨੂੰ ਦਿਲੋਂ ਵਧਾਈ ਦਿੱਤੀ।