ਸਿਵਲ ਸਰਜਨ ਵੱਲੋਂ ਅੱਖਾਂ ਦੇ ਜਾਂਚ ਕੈਂਪਾਂ ਸਬੰਧੀ ਐਡਵਾਈਜ਼ਰੀ ਜਾਰੀ ਸਿਵਲ ਸਰਜਨ ਹੁਸ਼ਿਆਰਪੁਰ ਵੱਲੋਂ ਅੱਖਾਂ ਦੇ ਜਾਂਚ ਕੈਂਪਾਂ ਸਬੰਧੀ ਐਡਵਾਇਜਰੀ ਜਾਰੀ
Publish Date: Thu, 17 Sep 2026 03:43 PM (IST)
Updated Date: Thu, 17 Sep 2026 03:44 PM (IST)
ਗਗਨਪ੍ਰੀਤ, ਪੰਜਾਬੀ ਜਾਗਰਣ ਹੁਸ਼ਿਆਰਪੁਰ : ਸਿਹਤ ਵਿਭਾਗ ਵੱਲੋਂ ਜ਼ਿਲ੍ਹਾ ਵਾਸੀਆਂ ਅਤੇ ਅੱਖਾਂ ਦੀ ਜਾਂਚ ਤੇ ਇਲਾਜ ਸਬੰਧੀ ਕੈਂਪ ਲਗਾਉਣ ਵਾਲੀਆਂ ਸਮਾਜਿਕ, ਧਾਰਮਿਕ ਸੰਸਥਾਵਾਂ, ਗੈਰ-ਸਰਕਾਰੀ ਸੰਗਠਨਾਂ ਅਤੇ ਹੋਰ ਸੰਸਥਾਵਾਂ ਨੂੰ ਅਪੀਲ ਕੀਤੀ ਗਈ ਹੈ ਕਿ ਕਿਸੇ ਵੀ ਤਰ੍ਹਾਂ ਦਾ ਅੱਖਾਂ ਦੀ ਜਾਂਚ ਕੈਂਪ ਸਿਰਫ਼ ਨਿਰਧਾਰਿਤ ਨਿਯਮਾਂ, ਲੋੜੀਂਦੀਆਂ ਮਨਜ਼ੂਰੀਆਂ ਅਤੇ ਪੂਰੇ ਡਾਕਟਰੀ ਪ੍ਰਬੰਧਾਂ ਦੇ ਨਾਲ ਹੀ ਕਰਵਾਇਆ ਜਾਵੇ। ਇਸ ਬਾਰੇ ਸਿਵਲ ਸਰਜਨ ਡਾ. ਮਨਦੀਪ ਕਮਲ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਬਿਨਾਂ ਲੋੜੀਂਦੇ ਪ੍ਰਬੰਧਾਂ ਅਤੇ ਲਾਗੂ ਸਮਝੌਤਾ ਪੱਤਰ ਜਾਂ ਮਨਜ਼ੂਰੀ ਤੋਂ ਅੱਖਾਂ ਦੀ ਜਾਂਚ ਕੈਂਪ ਨਹੀਂ ਲਗਾਇਆ ਜਾਣਾ ਚਾਹੀਦਾ। ਕੈਂਪ ਲਗਾਉਣ ਤੋਂ ਪਹਿਲਾਂ ਸਬੰਧਿਤ ਸਿਹਤ ਅਧਿਕਾਰੀਆਂ ਨਾਲ ਤਾਲਮੇਲ ਕਰ ਕੇ ਕੈਂਪ ਦੀ ਪ੍ਰਕਿਰਤੀ, ਸਥਾਨ, ਮਰੀਜ਼ਾਂ ਦੀ ਸੰਭਾਵਿਤ ਗਿਣਤੀ ਅਤੇ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਸਿਹਤ ਸੇਵਾਵਾਂ ਸਬੰਧੀ ਲੋੜੀਂਦੀ ਕਾਰਵਾਈ ਪੂਰੀ ਕਰਨੀ ਜ਼ਰੂਰੀ ਹੈ। ਵਿਭਾਗ ਅਨੁਸਾਰ ਕੈਂਪ ਵਿੱਚ ਯੋਗ ਅਤੇ ਅਧਿਕਾਰਤ ਡਾਕਟਰੀ ਅਮਲਾ, ਅੱਖਾਂ ਦੀ ਜਾਂਚ ਲਈ ਲੋੜੀਂਦੇ ਡਾਕਟਰੀ ਸਾਜ਼ੋ-ਸਾਮਾਨ, ਸਾਫ਼-ਸੁਥਰਾ ਅਤੇ ਢੁਕਵਾਂ ਸਥਾਨ, ਮਰੀਜ਼ਾਂ ਦੀ ਰਜਿਸਟ੍ਰੇਸ਼ਨ ਅਤੇ ਰਿਕਾਰਡ ਰੱਖਣ ਦੀ ਵਿਵਸਥਾ, ਦਵਾਈਆਂ ਅਤੇ ਲੋੜੀਂਦੀਆਂ ਐਮਰਜੈਂਸੀ ਸਹੂਲਤਾਂ ਉਪਲਬਧ ਹੋਣੀਆਂ ਚਾਹੀਦੀਆਂ ਹਨ। ਮਰੀਜ਼ਾਂ ਨੂੰ ਇਲਾਜ ਤੋਂ ਬਾਅਦ ਅਗਲੇ ਇਲਾਜ ਅਤੇ ਜਾਂਚ ਸਬੰਧੀ ਸਹੂਲਤ ਅਤੇ ਜ਼ਰੂਰੀ ਹਦਾਇਤਾਂ ਵੀ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ। ਜੇਕਰ ਕੋਈ ਸੰਸਥਾ ਬਿਨਾਂ ਲੋੜੀਂਦੀ ਮਨਜ਼ੂਰੀ, ਸਮਝੌਤਾ-ਪੱਤਰ ਜਾਂ ਨਿਰਧਾਰਤ ਡਾਕਟਰੀ ਪ੍ਰਬੰਧਾਂ ਦੇ ਅੱਖਾਂ ਦੀ ਜਾਂਚ ਕੈਂਪ ਆਯੋਜਿਤ ਕਰਦੀ ਪਾਈ ਜਾਂਦੀ ਹੈ ਤਾਂ ਲਾਗੂ ਨਿਯਮਾਂ ਅਤੇ ਕਾਨੂੰਨੀ ਪ੍ਰਬੰਧਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ। ਸਿਹਤ ਵਿਭਾਗ ਵੱਲੋਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਉਹ ਕਿਸੇ ਵੀ ਅੱਖਾਂ ਦੇ ਜਾਂਚ ਕੈਂਪ ਵਿੱਚ ਸੇਵਾ ਲੈਣ ਤੋਂ ਪਹਿਲਾਂ ਇਹ ਯਕੀਨੀ ਬਣਾਉਣ ਕਿ ਕੈਂਪ ਅਧਿਕਾਰਤ ਸੰਸਥਾ ਵੱਲੋਂ, ਲੋੜੀਂਦੀਆਂ ਮਨਜ਼ੂਰੀਆਂ ਅਤੇ ਉਚਿਤ ਡਾਕਟਰੀ ਪ੍ਰਬੰਧਾਂ ਦੇ ਨਾਲ ਲਗਾਇਆ ਗਿਆ ਹੈ।