ਬਿਨਾਂ ਡਰਾਈਵਰ ਤੋਂ ਖੜ੍ਹੀਆਂ ਧੂੜ ਫੱਕ ਰਹੀਆਂ ਸਿਵਲ ਹਸਪਤਾਲ ਦੀਆਂ ਐਂਬੂਲੈਂਸਾਂ ਬਿਨਾਂ ਡਰਾਈਵਰ ਤੋਂ ਖੜ੍ਹੀਆਂ ਧੂੜ ਫੱਕ ਰਹੀਆਂ ਸਿਵਲ ਹਸਪਤਾਲ ਗੜ੍ਹਸ਼ੰਕਰ ਦੀਆਂ ਐਂਬੂਲੈਂਸਾਂ
Publish Date: Wed, 16 Sep 2026 04:58 PM (IST)
Updated Date: Wed, 16 Sep 2026 04:59 PM (IST)
ਫੂਲਾ ਸਿੰਘ ਬੀਰਮਪੁਰ, ਪੰਜਾਬੀ ਜਾਗਰਣ ਗੜ੍ਹਸ਼ੰਕਰ : ਪੰਜਾਬ ਸਰਕਾਰ ਵੱਲੋਂ ਜਿੱਥੇ ਸਿਹਤ ਕ੍ਰਾਂਤੀ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਉੱਥੇ ਹੀ ਸਿਹਤ ਕ੍ਰਾਂਤੀ ਦੀ ਜ਼ਮੀਨੀ ਹਕੀਕਤ ਕੁਝ ਹੋਰ ਹੀ ਬਿਆਨ ਕਰ ਰਹੀ ਹੈ। ਸਿਵਲ ਹਸਪਤਾਲ ਗੜ੍ਹਸ਼ੰਕਰ ਦੀ ਗੱਲ ਕੀਤੀ ਜਾਵੇ ਤਾਂ ਇਸ ਹਸਪਤਾਲ ਵਿੱਚ ਦੋਵੇਂ ਐਂਬੂਲੈਂਸਾਂ ਪਿਛਲੇ 3-4 ਮਹੀਨਿਆਂ ਤੋਂ ਬਿਨਾਂ ਡਰਾਈਵਰ ਤੋਂ ਖੜ੍ਹੀਆਂ ਧੂੜ ਫੱਕ ਰਹੀਆਂ ਹਨ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਨ੍ਹਾਂ ਐਂਬੂਲੈਂਸਾਂ ਦੇ ਨਾ ਚੱਲਣ ਕਾਰਨ ਆਮ ਗ਼ਰੀਬ ਲੋਕਾਂ ਨੂੰ ਵੱਡੇ ਪੱਧਰ ’ਤੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਐਮਰਜੈਂਸੀ ਸਮੇਂ ਮਰੀਜ਼ਾਂ ਨੂੰ ਸਮੇਂ ਸਿਰ ਹਸਪਤਾਲ ਪਹੁੰਚਾਉਣ ਲਈ ਜੋ ਸਹੂਲਤ ਸਰਕਾਰ ਨੇ ਦਿੱਤੀ ਸੀ, ਉਹ ਸਹੂਲਤ ਸਿਰਫ ਕਾਗਜ਼ਾਂ ਤੱਕ ਹੀ ਸੀਮਤ ਰਹਿ ਗਈ ਹੈ। ਪਿੰਡਾਂ ਤੋਂ ਆਉਣ ਵਾਲੇ ਗ਼ਰੀਬ ਮਰੀਜ਼ ਪ੍ਰਾਈਵੇਟ ਗੱਡੀਆਂ ਦੇ ਉੱਚੇ ਕਿਰਾਏ ਦੇਣ ਲਈ ਮਜਬੂਰ ਹਨ। ਇਸ ਮਾਮਲੇ ਨੂੰ ਲੈ ਕੇ ਕਾਂਗਰਸ ਦੇ ਸਾਬਕਾ ਵਿਧਾਇਕ ਲਵ ਕੁਮਰ ਗੋਲਡੀ ਨੇ ਮੌਜੂਦਾ ਸਰਕਾਰ ’ਤੇ ਤਿੱਖਾ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਹ ਮੌਜੂਦਾ ਸਰਕਾਰ ਦੀ ਨਾਲਾਇਕੀ ਹੈ, ਜੋ ਹਸਪਤਾਲ ਵਿੱਚ ਸਹੂਲਤਾਂ ਹੋਣ ਦੇ ਬਾਵਜੂਦ ਸਟਾਫ਼ ਦੀ ਘਾਟ ਕਾਰਨ ਲੋਕਾਂ ਨੂੰ ਲਾਭ ਨਹੀਂ ਮਿਲ ਰਿਹਾ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਤੁਰੰਤ ਸਿਵਲ ਹਸਪਤਾਲ ਗੜ੍ਹਸ਼ੰਕਰ ਵਿੱਚ ਡਰਾਈਵਰਾਂ ਦੀ ਨਿਯੁਕਤੀ ਕੀਤੀ ਜਾਵੇ ਅਤੇ ਬੰਦ ਪਈਆਂ ਐਂਬੂਲੈਂਸਾਂ ਨੂੰ ਤੁਰੰਤ ਚਾਲੂ ਕੀਤਾ ਜਾਵੇ। ਇਸ ਸਬੰਧੀ ਜਦੋਂ ਗੜਸ਼ੰਕਰ ਸਿਵਲ ਹਸਪਤਾਲ ਦੇ ਐਡੀਸ਼ਨਲ ਐੱਸਐੱਮਓ ਨਿਰਮਲ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਐਂਬੂਲੈਂਸ ਡਰਾਈਵਰ ਦੀ ਘਾਟ ਸਬੰਧੀ ਵਿਭਾਗ ਨੂੰ ਲੈ ਕੇ ਭੇਜਿਆ ਜਾ ਚੁੱਕਾ ਹੈ, ਆਸ ਹੈ ਕਿ ਜਲਦੀ ਹੀ ਡਰਾਈਵਰ ਦਾ ਪ੍ਰਬੰਧ ਹੋ ਜਾਵੇਗਾ।