- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦਸਮੇਸ਼ ਗਰਲਜ਼ ਕਾਲਜ ਦੀ ਵਿਦਿਆਰਥਣ ਹਰਲੀਨ ਕੌਰ ਨੇ ਮਾਰੀ ਬਾਜ਼ੀ

ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ
ਮੁਕੇਰੀਆਂ: ਦਸਮੇਸ਼ ਗਰਲਜ਼ ਕਾਲਜ ਚੱਕ ਅੱਲ੍ਹਾ ਬਖ਼ਸ਼ ਮੁਕੇਰੀਆਂ ਦੀ ਹੋਣਹਾਰ ਵਿਦਿਆਰਥਣ ਹਰਲੀਨ ਕੌਰ ਨੇ ਆਪਣੀ ਅਣਥੱਕ ਮਿਹਨਤ, ਦ੍ਰਿੜ੍ਹ ਇਰਾਦੇ ਅਤੇ ਲਗਨ ਸਦਕਾ ਪੰਜਾਬ ਪੁਲਿਸ ਵਿੱਚ ਬਤੌਰ ਕਾਂਸਟੇਬਲ ਨਿਯੁਕਤ ਹੋ ਕੇ ਕਾਲਜ, ਆਪਣੇ ਪਰਿਵਾਰ ਅਤੇ ਸਮੁੱਚੇ ਇਲਾਕੇ ਦਾ ਮਾਣ ਵਧਾਇਆ ਹੈ। ਹਰਲੀਨ ਕੌਰ ਇਸ ਸਮੇਂ ਕਾਲਜ ਵਿੱਚ ਬੀਐੱਸਸੀ ਭਾਗ ਤੀਜਾ ਦੀ ਵਿਦਿਆਰਥਣ ਹੈ। ਪ੍ਰਿੰਸੀਪਲ ਡਾ. ਮੀਤੂ ਮਹਾਜਨ ਨੇ ਕਿਹਾ ਕਿ ਹਰਲੀਨ ਕੌਰ ਨੇ ਆਪਣੀ ਮਿਹਨਤ ਅਤੇ ਦ੍ਰਿੜ੍ਹ ਸੰਕਲਪ ਨਾਲ ਇਹ ਸਾਬਤ ਕੀਤਾ ਹੈ ਕਿ ਜੇ ਮਨ ਵਿੱਚ ਪੱਕਾ ਇਰਾਦਾ ਹੋਵੇ ਤਾਂ ਕੋਈ ਵੀ ਮੰਜ਼ਿਲ ਹਾਸਲ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰਾਪਤੀ ਕਾਲਜ ਦੀਆਂ ਹੋਰਨਾਂ ਵਿਦਿਆਰਥਣਾਂ ਲਈ ਵੀ ਪ੍ਰੇਰਨਾ ਦਾ ਸਰੋਤ ਹੈ।
ਇਸ ਮੌਕੇ ਸ੍ਰੀ ਗੁਰੂ ਗੋਬਿੰਦ ਸਿੰਘ ਐਜੂਕੇਸ਼ਨਲ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਜਥੇਦਾਰ ਰਵਿੰਦਰ ਸਿੰਘ ਚੱਕ ਸਮੇਤ ਸਮੂਹ ਟਰੱਸਟੀਆਂ ਨੇ ਹਰਲੀਨ ਕੌਰ ਅਤੇ ਉਸ ਦੇ ਪਰਿਵਾਰ ਨੂੰ ਦਿਲੋਂ ਵਧਾਈ ਦਿੱਤੀ ਅਤੇ ਉਸ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਟਰੱਸਟ ਮੈਂਬਰਾਂ ਨੇ ਹਰਲੀਨ ਕੌਰ ਦੀ ਇਸ ਸਫ਼ਲਤਾ ਲਈ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਮੀਤੂ ਮਹਾਜਨ, ਸਾਇੰਸ ਵਿਭਾਗ ਦੀਆਂ ਪ੍ਰੋ. ਨੀਨਾ ਰਿਸ਼ੀ ਅਤੇ ਡਾ. ਨਰਪਿੰਦਰ ਕੌਰ, ਸਮੂਹ ਸਟਾਫ਼, ਵਿਦਿਆਰਥਣ ਅਤੇ ਉਸ ਦੇ ਮਾਤਾ-ਪਿਤਾ ਨੂੰ ਵੀ ਵਧਾਈ ਦਿੱਤੀ।